ਨੀਰਜ ਚੋਪੜਾ ਨੂੰ ਚਾਂਦੀ, ਯਸ਼ਵੀਰ ਸਿੰਘ ਨੇ ਕਾਂਸੀ ਜਿੱਤ ਕੇ ਭਾਰਤ ਨੂੰ ਦਿਵਾਈ ਦੋਹਰੀ ਖੁਸ਼ੀ

 ਜੈਵਲਿਨ ਥ੍ਰੋਅ ਵਿੱਚ ਸ੍ਰੀਲੰਕਾ ਦੇ ਰੁਮੇਸ਼ ਪਥਿਰਾਗੇ ਨੇ 89.75 ਮੀਟਰ ਨਾਲ ਜਿੱਤਿਆ ਸੋਨ ਤਗਮਾ
ਗਲਾਸਗੋ, (ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਭਾਰਤ ਦੇ ਜੈਵਲਿਨ ਥ੍ਰੋਅਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਫਾਈਨਲ ਵਿੱਚ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 85.83 ਮੀਟਰ ਦੀ ਸਰਵੋਤਮ ਥ੍ਰੋਅ ਨਾਲ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ, ਜਦਕਿ ਯਸ਼ਵੀਰ ਸਿੰਘ ਨੇ ਆਪਣੇ ਕਰੀਅਰ ਦੀ ਸਰਵੋਤਮ 85.41 ਮੀਟਰ ਦੀ ਥ੍ਰੋਅ ਕਰਕੇ ਕਾਂਸੀ ਦਾ ਤਗਮਾ ਜਿੱਤਿਆ। 
ਸੋਨ ਤਗਮਾ ਸ੍ਰੀਲੰਕਾ ਦੇ ਰੁਮੇਸ਼ ਥਰੰਗਾ ਪਥਿਰਾਗੇ ਨੇ 89.75 ਮੀਟਰ ਦੀ ਸ਼ਾਨਦਾਰ ਥ੍ਰੋਅ ਨਾਲ ਜਿੱਤਿਆ। ਨੀਰਜ ਚੋਪੜਾ ਦਾ 85.83 ਮੀਟਰ ਦਾ ਪ੍ਰਦਰਸ਼ਨ ਇਸ ਸੀਜ਼ਨ ਦਾ ਉਨ੍ਹਾਂ ਦਾ ਸਰਵੋਤਮ ਰਿਹਾ, ਜਦਕਿ ਯਸ਼ਵੀਰ ਸਿੰਘ ਨੇ ਆਪਣੇ ਆਖ਼ਰੀ ਯਤਨ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ ਤਗਮਾ ਪੱਕਾ ਕੀਤਾ। 
ਭਾਰਤ ਦੇ ਤੀਜੇ ਜੈਵਲਿਨ ਥ੍ਰੋਅਰ ਰੋਹਿਤ ਯਾਦਵ ਨੇ ਵੀ ਚੰਗਾ ਮੁਕਾਬਲਾ ਕੀਤਾ ਅਤੇ 81.56 ਮੀਟਰ ਦੀ ਥ੍ਰੋਅ ਨਾਲ ਸੱਤਵੇਂ ਸਥਾਨ &rsquoਤੇ ਰਹੇ। ਇਸ ਮੁਕਾਬਲੇ ਵਿੱਚ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ 83.88 ਮੀਟਰ ਨਾਲ ਚੌਥੇ, ਦੱਖਣੀ ਅਫ਼ਰੀਕਾ ਦੇ ਡੂਵ ਸਮਿਟ 82.88 ਮੀਟਰ ਨਾਲ ਪੰਜਵੇਂ ਅਤੇ ਟ੍ਰਿਨੀਡਾਡ ਐਂਡ ਟੋਬਾਗੋ ਦੇ ਕੇਸ਼ੌਰਨ ਵਾਲਕੌਟ 82.55 ਮੀਟਰ ਨਾਲ ਛੇਵੇਂ ਸਥਾਨ &rsquoਤੇ ਰਹੇ