ਸਕਾਟਲੈਂਡ ਦੇ ਜੋਸ਼ ਕੈਰ ਨੇ ਘਰੇਲੂ ਮੈਦਾਨ’ਤੇ ਜਿੱਤਿਆ ਰਾਸ਼ਟਰਮੰਡਲ ਖੇਡਾਂ ਦਾ ਸੋਨ ਤਮਗਾ

 ਗਲਾਸਗੋ,(ਹਰਜੀਤ ਸਿੰਘ ਦੁਸਾਂਝ) &ndash ਸਕਾਟਲੈਂਡ ਦੇ ਵਿਸ਼ਵ ਰਿਕਾਰਡਧਾਰੀ ਦੌੜਾਕ ਜੋਸ਼ ਕੈਰ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਵਿੱਚ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਪੁਰਸ਼ਾਂ ਦੀ ਇੱਕ ਮੀਲ ਦੌੜ ਦਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਐਡੀਐਫ਼ ਸਕੌਟਸਟਾਊਨ ਸਟੇਡੀਅਮ ਵਿੱਚ ਖਚਾਖਚ ਭਰੇ ਦਰਸ਼ਕਾਂ ਦੀ ਹੌਸਲਾ-ਅਫ਼ਜ਼ਾਈ ਵਿਚਕਾਰ ਕੈਰ ਨੇ 3 ਮਿੰਟ 54.12 ਸਕਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕਰਦਿਆਂ ਰਾਸ਼ਟਰਮੰਡਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਹ ਮੁਕਾਬਲਾ ਰਾਸ਼ਟਰਮੰਡਲ ਖੇਡਾਂ ਵਿੱਚ 1966 ਤੋਂ ਬਾਅਦ ਪਹਿਲੀ ਵਾਰ ਕਰਵਾਇਆ ਗਿਆ ਸੀ। 

ਇਹ ਜਿੱਤ ਉਸ ਲਈ ਹੋਰ ਵੀ ਖ਼ਾਸ ਰਹੀ ਕਿਉਂਕਿ ਕੁਝ ਹੀ ਦਿਨ ਪਹਿਲਾਂ ਉਸ ਨੇ ਲੰਡਨ ਡਾਇਮੰਡ ਲੀਗ ਵਿੱਚ 3:42.66 ਦਾ ਸਮਾਂ ਕੱਢ ਕੇ ਇੱਕ ਮੀਲ ਦੌੜ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। ਗਲਾਸਗੋ ਵਿੱਚ ਵੀ ਕੈਰ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਘਰੇਲੂ ਪ੍ਰਸ਼ੰਸਕਾਂ ਨੂੰ ਯਾਦਗਾਰ ਜਿੱਤ ਦਾ ਤੋਹਫ਼ਾ ਦਿੱਤਾ। 
ਪੁਰਸ਼ਾਂ ਦੀ ਇੱਕ ਮੀਲ ਦੌੜ ਵਿੱਚ ਆਸਟ੍ਰੇਲੀਆ ਦੇ ਕੈਮਰੂਨ ਮਾਇਰਜ਼ ਨੇ 3:55.26 ਦੇ ਸਮੇਂ ਨਾਲ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਕੀਨੀਆ ਦੇ ਟਿਮੋਥੀ ਚੇਰੂਈਯੋਟ ਨੇ 3:55.41 ਦੇ ਸਮੇਂ ਨਾਲ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤਰ੍ਹਾਂ ਸਕਾਟਲੈਂਡ, ਆਸਟ੍ਰੇਲੀਆ ਅਤੇ ਕੀਨੀਆ ਦੇ ਦੌੜਾਕਾਂ ਨੇ ਪੋਡੀਅਮ &rsquoਤੇ ਸਥਾਨ ਬਣਾਇਆ।