*ਅਹਿਮਦਾਬਾਦ ਨੂੰ ਸੌਂਪੀ ਗਈ 2030 ਰਾਸ਼ਟਰਮੰਡਲ ਖੇਡਾਂ ਦੀ ਕਮਾਨ

 ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦਾ ਐਤਵਾਰ ਦੇਰ ਸ਼ਾਮ ਗਲਾਸਗੋ ਦੇ ਓਵੀਓ ਹਾਈਡਰੋ ਵਿੱਚ ਸ਼ਾਨਦਾਰ ਸਮਾਪਤੀ ਸਮਾਰੋਹ ਨਾਲ ਅੰਤ ਹੋ ਗਿਆ। 11 ਦਿਨਾਂ ਤੱਕ ਚੱਲੀਆਂ ਇਨ੍ਹਾਂ ਖੇਡਾਂ ਨੇ ਨਾ ਸਿਰਫ਼ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਦੀਆਂ ਯਾਦਗਾਰ ਝਲਕਾਂ ਦਿੱਤੀਆਂ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਸੀਮਤ ਬਜਟ ਅਤੇ ਮੌਜੂਦਾ ਸਹੂਲਤਾਂ ਨਾਲ ਵੀ ਰਾਸ਼ਟਰਮੰਡਲ ਖੇਡਾਂ ਦਾ ਸਫ਼ਲ ਆਯੋਜਨ ਕੀਤਾ ਜਾ ਸਕਦਾ ਹੈ। ਇਸੇ ਕਾਰਨ ਗਲਾਸਗੋ ਨੂੰ &ldquoਰਾਸ਼ਟਰਮੰਡਲ ਖੇਡਾਂ ਨੂੰ ਬਚਾਉਣ ਵਾਲਾ ਸ਼ਹਿਰ&rdquo ਕਿਹਾ ਜਾ ਰਿਹਾ ਹੈ। 
           ਸਮਾਪਤੀ ਸਮਾਰੋਹ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਝੰਡਾ ਅਤੇ ਕਿੰਗਜ਼ ਬੈਟਨ ਰਸਮੀ ਤੌਰ &rsquoਤੇ ਭਾਰਤ ਨੂੰ ਸੌਂਪਿਆ ਗਿਆ। ਭਾਰਤ ਵੱਲੋਂ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ. ਟੀ. ਊਸ਼ਾ, ਓਲੰਪਿਕ ਚੈਂਪੀਅਨ ਨੀਰਜ ਚੋਪੜਾ ਅਤੇ ਗੁਜਰਾਤ ਦੇ ਉੱਪ ਮੁੱਖ ਮੰਤਰੀ ਹਰਸ਼ ਸੰਘਵੀਂ ਨੇ ਝੰਡਾ ਅਤੇ ਬੈਟਨ ਸਵੀਕਾਰ ਕਰਕੇ 2030 ਵਿੱਚ ਅਹਿਮਦਾਬਾਦ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਉਲਟੀ ਗਿਣਤੀ ਦੀ ਸ਼ੁਰੂਆਤ ਕੀਤੀ। 
            ਸਮਾਰੋਹ ਦੌਰਾਨ ਸਕਾਟਲੈਂਡ ਦੀ ਸੰਸਕ੍ਰਿਤੀ, ਸੰਗੀਤ ਅਤੇ ਨਾਚ ਦੀ ਰੌਣਕ ਦੇ ਨਾਲ-ਨਾਲ ਭਾਰਤ ਦੀ ਰੰਗ-ਬਿਰੰਗੀ ਸੱਭਿਆਚਾਰਕ ਪੇਸ਼ਕਾਰੀ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ। ਭਾਰਤੀ ਕਲਾਕਾਰਾਂ ਪ੍ਰਸਿੱਧ ਸਿਤਾਰ ਵਾਦਕ ਰਿਸ਼ਭ ਰਿਖੀਰਾਮ ਸ਼ਰਮਾ ਪ੍ਰਸਿੱਧ ਗਾਇਕ ਸ਼ੰਕਰ ਮਹਾਦੇਵਨ ਆਪਣੇ ਪੁੱਤਰਾਂ ਸਿੱਧਾਰਥ ਮਹਾਦੇਵਨ ਅਤੇ ਸ਼ਿਵਮ ਮਹਾਦੇਵਨ ਨਾਲ, ਮਸ਼ਹੂਰ ਗਾਇਕਾ ਭੂਮੀ ਤ੍ਰਿਵੇਦੀ ਅਤੇ ਮਾਡਲ ਅਭਿਨੇਤਰੀ ਮਾਨੁਸ਼ੀ ਛਿੱਲਰ ਨੇ ਸੰਗੀਤ, ਲੋਕ ਨਾਚ ਅਤੇ ਗੁਜਰਾਤੀ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਦੁਨੀਆ ਨੂੰ 2030 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਸਮਾਪਤੀ ਸਮਾਰੋਹ ਦਾ ਅੰਤ ਸਕਾਟਲੈਂਡ ਦੇ ਮਸ਼ਹੂਰ ਰੌਕ ਬੈਂਡ ਸਿੰਪਲ ਮਾਈਂਡਜ ਦੀ ਪੇਸ਼ਕਾਰੀ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਹੋਇਆ। 
             ਗਲਾਸਗੋ 2026 ਦੇ ਮੁੱਖ ਕਾਰਜਕਾਰੀ ਫ਼ਿਲ ਬੈਟੀ ਨੇ ਕਿਹਾ ਕਿ ਜਦੋਂ ਰਾਸ਼ਟਰਮੰਡਲ ਖੇਡਾਂ ਦਾ ਭਵਿੱਖ ਸੰਕਟ ਵਿੱਚ ਸੀ, ਤਦ ਗਲਾਸਗੋ ਨੇ ਅੱਗੇ ਆ ਕੇ ਇੱਕ ਨਵਾਂ ਅਤੇ ਟਿਕਾਊ ਮਾਡਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਖੇਡਾਂ ਸਾਬਤ ਕਰਦੀਆਂ ਹਨ ਕਿ ਰਾਸ਼ਟਰਮੰਡਲ ਖੇਡਾਂ ਅਗਲੇ 100 ਸਾਲਾਂ ਲਈ ਵੀ ਪ੍ਰਸੰਗਿਕ ਅਤੇ ਵਿੱਤੀ ਪੱਖੋਂ ਸੰਭਵ ਹਨ। 
             ਗਲਾਸਗੋ 2026 ਵਿੱਚ 74 ਦੇਸ਼ਾਂ ਅਤੇ ਖੇਤਰਾਂ ਦੇ ਕਰੀਬ 3,000 ਖਿਡਾਰੀਆਂ ਨੇ 10 ਖੇਡਾਂ ਅਤੇ ਪੈਰਾ ਮੁਕਾਬਲਿਆਂ ਵਿੱਚ ਹਿੱਸਾ ਲਿਆ। ਹਜ਼ਾਰਾਂ ਵਾਲੰਟੀਅਰਾਂ, ਲੱਖਾਂ ਦਰਸ਼ਕਾਂ ਅਤੇ ਸ਼ਾਨਦਾਰ ਪ੍ਰਬੰਧਾਂ ਨਾਲ ਇਹ ਐਡੀਸ਼ਨ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਇ ਵਜੋਂ ਦਰਜ ਹੋ ਗਿਆ। ਹੁਣ ਦੁਨੀਆ ਦੀਆਂ ਨਜ਼ਰਾਂ 2030 ਦੀਆਂ ਸੈਂਟੇਨਰੀ ਰਾਸ਼ਟਰਮੰਡਲ ਖੇਡਾਂ &rsquoਤੇ ਹਨ, ਜਿਨ੍ਹਾਂ ਦੀ ਮੇਜ਼ਬਾਨੀ ਭਾਰਤ ਦੇ ਗੁਜਰਾਤ ਦਾ ਅਹਿਮਦਾਬਾਦ ਸ਼ਹਿਰ ਕਰੇਗਾ