ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਨਿਵੇਕਲੀ ਪਹਿਲਕਦਮੀ

ਜਲੰਧਰ : ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੀਆਂ ਲੋੜਵੰਦ ਮਹਿਲਾਵਾਂ ਨੂੰ ਆਰਥਿਕ ਤੌਰ &rsquoਤੇ ਮਜ਼ਬੂਤ ਕਰਨ ਅਤੇ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮਕਸਦ ਆਈਸ ਕ੍ਰੀਮ ਦੀ ਵਿਕਰੀ ਲਈ ਈ-ਕਾਰਟ (ਫਰੀਜ਼ਰ ਆਨ ਵ੍ਹੀਲਜ਼&rsquo) ਮੁਹੱਈਆ ਕਰਵਾਉਣ ਦੀ ਨਿਵੇਕਲੀ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਅੱਜ ਜ਼ਿਲ੍ਹੇ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਬੈਟਰੀ ਵਾਲੇ 9 ਈ-ਕਾਰਟ ਮੁਹੱਈਆ ਕਰਵਾਏ ਗਏ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੋਜਨਾ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਵੇਰਕਾ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਜਿਸ ਦਾ ਮਨੋਰਥ ਮਹਿਲਾਵਾਂ ਨੂੰ ਪਿੰਡਾਂ ਅਤੇ ਸਥਾਨਕ ਬਾਜ਼ਾਰਾਂ ਵਿੱਚ ਆਈਸਕ੍ਰੀਮ ਦੀ ਵਿਕਰੀ ਰਾਹੀਂ ਰੋਜ਼ਗਾਰ ਦਾ ਜ਼ਰੀਆ ਪ੍ਰਦਾਨ ਕਰਨਾ ਹੈ।
ਇਸ ਪਹਿਲਕਦਮੀ ਤਹਿਤ ਯੋਗ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਈ-ਕਾਰਟ ਮੁਹੱਈਆ ਕਰਵਾਉਣ ਲਈ ਬਿਨਾਂ ਵਿਆਜ ਤੋਂ ਸਸਤਾ ਕਰਜ਼ਾ ਮੁਹੱਈਆ ਕਰਵਾਇਆ ਗਿਆ ਸੀ ਤਾਂ ਜੋ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਜਾਂ ਫਿਰ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਵੱਲੋਂ ਆਪਣਾ ਰੋਜ਼ਗਾਰ ਚਲਾ ਕੇ ਆਪਣੀ ਪਰਿਵਾਰਿਕ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਮਹਿਲਾਵਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਗ੍ਰਾਮੀਣ ਪਰਿਵਾਰਾਂ ਨੂੰ ਆਪਣੇ ਖੁਦ ਦੇ ਉੱਦਮ ਦਾ ਮਾਲਕ ਬਣਾਉਣਾ ਹੈ। ਇਹ ਈ-ਕਾਰਟ ਮਹਿਲਾ ਸਮੂਹਾਂ ਲਈ ਚਲਦੇ-ਫਿਰਦੇ ਸਟੋਰਾਂ ਦਾ ਕੰਮ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਘਰ ਦੇ ਨੇੜੇ ਹੀ ਰੋਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ।
ਇਸ ਮੌਕੇ ਜਨਰਲ ਮੈਨੇਜਰ, ਵੇਰਕਾ ਹਰਮਿੰਦਰ ਸਿੰਘ ਸੰਧੂ, ਡੀ.ਪੀ.ਐਮ. ਸੁਖਵੰਤ ਕੌਰ, ਡੀ.ਐਫ.ਐਮ. ਕੋਮਲ ਕਸ਼ਯਪ, ਲੇਖਾਕਾਰ ਵਿਕਾਸ ਬਖਸ਼ੀ ਅਤੇ ਆਜੀਵਿਕਾ ਮਿਸ਼ਨ ਦਾ ਬਲਾਕ ਸਟਾਫ ਵੀ ਮੌਜੂਦ ਸੀ।