ਇਰਾਨ ਵਿੱਚ ਰਾਸ਼ਟਰਪਤੀ ਦੇ ਅਧਿਕਾਰਾਂ ਵਿੱਚ ਕਟੌਤੀ ਦੇ ਦਾਅਵੇ, ਸੁਰੱਖਿਆ ਫ਼ੈਸਲਿਆਂ ਵਿੱਚ ਫ਼ੌਜੀ ਭੂਮਿਕਾ ਵਧਣ ਦੀ ਚਰਚਾ

ਤਹਿਰਾਨ: ਇਰਾਨ ਦੀ ਰਾਜਨੀਤੀ ਨਾਲ ਜੁੜੀ ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਆਨ ਦੇ ਕੁਝ ਮਹੱਤਵਪੂਰਨ ਅਧਿਕਾਰਾਂ ਨੂੰ ਸੀਮਤ ਕਰ ਦਿੱਤਾ ਗਿਆ ਹੈ। ਰਿਪੋਰਟ ਅਨੁਸਾਰ, ਰਾਸ਼ਟਰੀ ਸੁਰੱਖਿਆ, ਵਿਦੇਸ਼ ਨੀਤੀ ਅਤੇ ਪਰਮਾਣੂ ਪ੍ਰੋਗਰਾਮ ਨਾਲ ਸੰਬੰਧਿਤ ਅਹਿਮ ਮਾਮਲਿਆਂ ਵਿੱਚ ਹੁਣ ਰਾਸ਼ਟਰਪਤੀ ਦੀ ਭੂਮਿਕਾ ਪਹਿਲਾਂ ਨਾਲੋਂ ਘੱਟ ਹੋ ਸਕਦੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਇਨ੍ਹਾਂ ਰਣਨੀਤਕ ਮੁੱਦਿਆਂ 'ਤੇ ਹੁਣ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਸੀਨੀਅਰ ਅਧਿਕਾਰੀਆਂ ਦੀ ਸਲਾਹ ਅਤੇ ਫ਼ੈਸਲਿਆਂ ਨੂੰ ਵੱਧ ਤਰਜੀਹ ਦਿੱਤੀ ਜਾਵੇਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਨਾਲ ਸੰਭਾਵੀ ਗੱਲਬਾਤ ਅਤੇ ਸੁਰੱਖਿਆ ਨਾਲ ਜੁੜੇ ਵੱਡੇ ਫ਼ੈਸਲਿਆਂ ਵਿੱਚ ਫ਼ੌਜੀ ਨੇਤ੍ਰਿਤਵ ਦੀ ਭੂਮਿਕਾ ਹੋਰ ਮਜ਼ਬੂਤ ਹੋ ਸਕਦੀ ਹੈ।

ਰਿਪੋਰਟਾਂ ਅਨੁਸਾਰ, ਰਾਸ਼ਟਰਪਤੀ ਪਜ਼ੇਸ਼ਕੀਆਨ ਕਾਫ਼ੀ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਅਸੰਤੁਸ਼ਟੀ ਜ਼ਾਹਰ ਕਰ ਰਹੇ ਸਨ ਕਿ ਸਰਕਾਰ ਨੂੰ ਕਈ ਮਹੱਤਵਪੂਰਨ ਨੀਤੀਗਤ ਫ਼ੈਸਲਿਆਂ ਵਿੱਚ ਪੂਰੀ ਭਾਗੀਦਾਰੀ ਨਹੀਂ ਮਿਲ ਰਹੀ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਪਹਿਲਾਂ ਅਸਤੀਫ਼ਾ ਦੇਣ ਦੀ ਇੱਛਾ ਵੀ ਜਤਾਈ ਸੀ।

ਹਾਲਾਂਕਿ, ਇਨ੍ਹਾਂ ਦਾਵਿਆਂ ਦੀ ਅਜੇ ਤੱਕ ਇਰਾਨੀ ਅਧਿਕਾਰੀਆਂ ਵੱਲੋਂ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਇਸ ਲਈ ਇਨ੍ਹਾਂ ਜਾਣਕਾਰੀਆਂ ਨੂੰ ਰਿਪੋਰਟਾਂ ਦੇ ਆਧਾਰ 'ਤੇ ਹੀ ਦੇਖਿਆ ਜਾ ਰਿਹਾ ਹੈ।