ਅਮਰੀਕਾ ਵਿੱਚ ਸਲਾਦ ਨਾਲ ਜੁੜੀ ਬਿਮਾਰੀ ਕਾਰਨ ਦੋ ਮੌਤਾਂ, ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਨਿਊਯਾਰਕ: ਅਮਰੀਕਾ ਵਿੱਚ ਆਈਸਬਰਗ ਲੈਟਸ (Iceberg Lettuce) ਨਾਲ ਜੁੜੀ ਇੱਕ ਪਰਜੀਵੀ ਇਨਫੈਕਸ਼ਨ ਦੇ ਮਾਮਲੇ ਵੱਧਣ ਕਾਰਨ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ। ਮਿਸ਼ੀਗਨ ਵਿੱਚ ਇਸ ਬਿਮਾਰੀ ਨਾਲ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ ਨੂੰ ਅਮਰੀਕਾ ਵਿੱਚ ਇਸ ਇਨਫੈਕਸ਼ਨ ਨਾਲ ਹੋਈਆਂ ਪਹਿਲੀਆਂ ਮੌਤਾਂ ਮੰਨਿਆ ਜਾ ਰਿਹਾ ਹੈ।

ਰਿਪੋਰਟਾਂ ਅਨੁਸਾਰ, ਇਹ ਇਨਫੈਕਸ਼ਨ ਟੈਕੋ ਬੈੱਲ ਦੇ ਕੁਝ ਰੈਸਟੋਰੈਂਟਾਂ ਵਿੱਚ ਪਰੋਸੇ ਗਏ ਆਈਸਬਰਗ ਸਲਾਦ ਨਾਲ ਜੁੜੀ ਹੋ ਸਕਦੀ ਹੈ। ਇਸ ਬਿਮਾਰੀ ਦੇ ਮਾਮਲੇ ਕਈ ਸੂਬਿਆਂ ਵਿੱਚ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸਿਹਤ ਏਜੰਸੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸਾਈਕਲੋਸਪੋਰੀਆਸਿਸ (Cyclosporiasis) ਇੱਕ ਪਰਜੀਵੀ ਕਾਰਨ ਹੋਣ ਵਾਲੀ ਆਂਤਾਂ ਦੀ ਇਨਫੈਕਸ਼ਨ ਹੈ। ਇਸ ਦੇ ਲੱਛਣਾਂ ਵਿੱਚ ਲਗਾਤਾਰ ਦਸਤ, ਪੇਟ ਦਰਦ, ਮਤਲੀ, ਥਕਾਵਟ ਅਤੇ ਡੀਹਾਈਡ੍ਰੇਸ਼ਨ ਸ਼ਾਮਲ ਹਨ। ਜ਼ਿਆਦਾਤਰ ਮਰੀਜ਼ ਇਲਾਜ ਨਾਲ ਠੀਕ ਹੋ ਜਾਂਦੇ ਹਨ, ਪਰ ਪਹਿਲਾਂ ਤੋਂ ਗੰਭੀਰ ਬਿਮਾਰੀਆਂ ਨਾਲ ਪੀੜਤ ਜਾਂ ਕਮਜ਼ੋਰ ਰੋਗ-ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਲਈ ਇਹ ਇਨਫੈਕਸ਼ਨ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਸਿਹਤ ਮਾਹਿਰਾਂ ਨੇ ਲੋਕਾਂ ਨੂੰ ਸਲਾਦ ਅਤੇ ਹੋਰ ਕੱਚੀਆਂ ਸਬਜ਼ੀਆਂ ਦੀ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਿਰਫ਼ ਪਾਣੀ ਨਾਲ ਧੋਣਾ ਹਰ ਵਾਰ ਸਾਈਕਲੋਸਪੋਰਾ ਪਰਜੀਵੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦਾ। ਇਸ ਲਈ ਭੋਜਨ ਦੀ ਸੁਰੱਖਿਆ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਸਲਾਦ ਜਾਂ ਕੱਚੀਆਂ ਸਬਜ਼ੀਆਂ ਖਾਣ ਤੋਂ ਬਾਅਦ ਲਗਾਤਾਰ ਦਸਤ ਜਾਂ ਹੋਰ ਗੰਭੀਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰੀ ਸਲਾਹ ਲਈ ਜਾਵੇ।