ਕੈਨੇਡਾ ਦੇ ਮਾਂਟਰੀਅਲ ਸਥਿਤ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਦੌਰਾਨ ਵਿਵਾਦ, ਹੱਥੋਪਾਈ ਦੀ ਵੀਡੀਓ ਵਾਇਰਲ

ਮਾਂਟਰੀਅਲ: ਕੈਨੇਡਾ ਦੇ ਮਾਂਟਰੀਅਲ ਸਥਿਤ ਲਾਸਾਲੇ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੌਰਾਨ ਹੋਏ ਵਿਵਾਦ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰੇ ਦੀ ਗੋਲਕ ਦੇ ਹਿਸਾਬ-ਕਿਤਾਬ ਅਤੇ ਕੁਝ ਪ੍ਰਬੰਧਕੀ ਮੁੱਦਿਆਂ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਿੱਖੀ ਬਹਿਸ ਹੋਈ, ਜੋ ਬਾਅਦ ਵਿੱਚ ਹੱਥੋਪਾਈ ਵਿੱਚ ਬਦਲ ਗਈ।
ਵਾਇਰਲ ਵੀਡੀਓ ਵਿੱਚ ਮੀਟਿੰਗ ਦੌਰਾਨ ਇੱਕ ਮੈਂਬਰ ਵੱਲੋਂ ਸਵਾਲ ਪੁੱਛੇ ਜਾਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੁੰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਦੋ ਵਿਅਕਤੀਆਂ ਵਿਚਕਾਰ ਧੱਕਾ-ਮੁੱਕੀ ਅਤੇ ਹੱਥੋਪਾਈ ਹੋ ਜਾਂਦੀ ਹੈ, ਜਿਸ ਕਾਰਨ ਹਾਲ ਵਿੱਚ ਕੁਝ ਸਮੇਂ ਲਈ ਹਫੜਾ-ਦਫੜੀ ਦਾ ਮਾਹੌਲ ਬਣ ਜਾਂਦਾ ਹੈ।
ਵੀਡੀਓ ਵਿੱਚ ਇਹ ਵੀ ਦਿਖਾਈ ਦਿੰਦਾ ਹੈ ਕਿ ਝਗੜੇ ਦੌਰਾਨ ਇੱਕ ਵਿਅਕਤੀ ਵੱਲੋਂ ਨੇੜੇ ਪਿਆ ਬਰਛਾ ਚੁੱਕਿਆ ਜਾਂਦਾ ਹੈ, ਪਰ ਮੌਕੇ 'ਤੇ ਮੌਜੂਦ ਹੋਰ ਮੈਂਬਰ ਤੁਰੰਤ ਦਖ਼ਲ ਦੇ ਕੇ ਸਥਿਤੀ ਨੂੰ ਕਾਬੂ ਵਿੱਚ ਲੈ ਆਉਂਦੇ ਹਨ ਅਤੇ ਕਿਸੇ ਵੱਡੀ ਅਣਹੋਣੀ ਨੂੰ ਟਾਲ ਦਿੰਦੇ ਹਨ।
ਘਟਨਾ ਤੋਂ ਬਾਅਦ ਦੋਵਾਂ ਧਿਰਾਂ ਦੇ ਸਮਰਥਕਾਂ ਨੇ ਆਪਣੇ-ਆਪਣੇ ਪੱਖ ਰੱਖੇ ਹਨ। ਇੱਕ ਧਿਰ ਦਾ ਦੋਸ਼ ਹੈ ਕਿ ਗੋਲਕ ਦੇ ਹਿਸਾਬ-ਕਿਤਾਬ ਬਾਰੇ ਸਵਾਲ ਪੁੱਛਣ 'ਤੇ ਵਿਵਾਦ ਸ਼ੁਰੂ ਹੋਇਆ, ਜਦਕਿ ਦੂਜੀ ਧਿਰ ਵੱਲੋਂ ਇਸ ਮਾਮਲੇ ਬਾਰੇ ਅਧਿਕਾਰਕ ਤੌਰ 'ਤੇ ਕੋਈ ਵਿਸਥਾਰਪੂਰਵਕ ਬਿਆਨ ਸਾਹਮਣੇ ਨਹੀਂ ਆਇਆ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖ ਸੰਗਤ ਅਤੇ ਭਾਰਤੀ ਭਾਈਚਾਰੇ ਵਿੱਚ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ। ਕਈ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ ਵਰਗੇ ਪਵਿੱਤਰ ਅਸਥਾਨ 'ਤੇ ਹੋਈ ਹੱਥੋਪਾਈ ਦੀ ਨਿੰਦਾ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ, ਵਿੱਤੀ ਰਿਕਾਰਡਾਂ ਦੀ ਪਾਰਦਰਸ਼ੀ ਸਮੀਖਿਆ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੋਕਣ ਲਈ ਉਚਿਤ ਕਦਮ ਚੁੱਕਣ ਦੀ ਮੰਗ ਕੀਤੀ ਹੈ।