ਫਾਜ਼ਿਲਕਾ ਰੈਲੀ ਵਿੱਚ ਰਾਜਾ ਵੜਿੰਗ ਦੀ ਦੋ-ਟੁੱਕ, ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ

ਫਾਜ਼ਿਲਕਾ: ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਾਜ਼ਿਲਕਾ ਵਿੱਚ ਕਰਵਾਈ ਗਈ ਪਾਰਟੀ ਰੈਲੀ ਦੌਰਾਨ ਪਾਰਟੀ ਅੰਦਰ ਅਨੁਸ਼ਾਸਨ ਅਤੇ ਏਕਤਾ 'ਤੇ ਜ਼ੋਰ ਦਿੰਦਿਆਂ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਆਗੂਆਂ ਨੂੰ ਸਖ਼ਤ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਟਿਕਟਾਂ ਯੋਗਤਾ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ ਅਤੇ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਟਿਕਟ ਦਾ ਹੱਕਦਾਰ ਨਾ ਸਮਝੇ।
ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਹਰ ਆਗੂ ਦੀ ਕਾਰਗੁਜ਼ਾਰੀ ਅਤੇ ਸਰਗਰਮੀਆਂ 'ਤੇ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਪਾਰਟੀ ਦੇ ਹਿੱਤਾਂ ਦੇ ਉਲਟ ਕੰਮ ਕਰੇਗਾ ਜਾਂ ਵਿਰੋਧੀ ਸਿਆਸੀ ਤਾਕਤਾਂ ਨਾਲ ਸਾਂਝ ਰੱਖੇਗਾ ਤਾਂ ਉਸ ਨੂੰ ਚੋਣ ਟਿਕਟ ਮਿਲਣ ਦੀ ਸੰਭਾਵਨਾ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਦੀ ਜਾਇਦਾਦ ਨਹੀਂ ਹੈ।
ਰੈਲੀ ਦੌਰਾਨ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਦੌਰਾਨ ਕੁਝ ਸਮਰਥਕਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ, ਜਿਸ ਨੂੰ ਸਥਾਨਕ ਆਗੂਆਂ ਨੇ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ।
ਸਮਾਗਮ ਦੌਰਾਨ ਜਲਾਲਾਬਾਦ ਹਲਕੇ ਨਾਲ ਜੁੜੇ ਦੋ ਧੜਿਆਂ ਦੇ ਸਮਰਥਕਾਂ ਵਿਚਾਲੇ ਨਾਅਰੇਬਾਜ਼ੀ ਅਤੇ ਤਿੱਖੀ ਬਹਿਸ ਵੀ ਹੋਈ। ਹਾਲਾਤ ਤਣਾਅਪੂਰਨ ਬਣਨ 'ਤੇ ਮੌਕੇ 'ਤੇ ਮੌਜੂਦ ਪੁਲਿਸ ਅਤੇ ਪਾਰਟੀ ਆਗੂਆਂ ਨੇ ਦਖ਼ਲ ਦੇ ਕੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ, ਜਿਸ ਤੋਂ ਬਾਅਦ ਰੈਲੀ ਸ਼ਾਂਤੀਪੂਰਵਕ ਜਾਰੀ ਰਹੀ।
ਰਾਜਨੀਤਿਕ ਹਲਕਿਆਂ ਵਿੱਚ ਰਾਜਾ ਵੜਿੰਗ ਦੇ ਇਸ ਬਿਆਨ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਕਰਨ ਅਤੇ ਟਿਕਟ ਵੰਡ ਨੂੰ ਲੈ ਕੇ ਦਿੱਤੇ ਸਪੱਸ਼ਟ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।