ਅਮਰੀਕਾ ਵਿੱਚ ਬਜ਼ੁਰਗਾਂ ਨਾਲ ਕਰੋੜਾਂ ਦੀ ਠੱਗੀ ਮਾਮਲੇ 'ਚ ਭਾਰਤੀ ਨੌਜਵਾਨ ਨੂੰ 4 ਸਾਲ ਦੀ ਕੈਦ

ਵਾਸ਼ਿੰਗਟਨ: ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਬਜ਼ੁਰਗ ਨਾਗਰਿਕਾਂ ਨਾਲ ਕਥਿਤ ਤੌਰ 'ਤੇ ਮਿਲੀਅਨ ਡਾਲਰ ਦੀ ਠੱਗੀ ਕਰਨ ਦੇ ਮਾਮਲੇ ਵਿੱਚ 22 ਸਾਲਾ ਭਾਰਤੀ ਨਾਗਰਿਕ ਨੂੰ 48 ਮਹੀਨੇ (ਚਾਰ ਸਾਲ) ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਇੱਕ ਅੰਤਰਰਾਸ਼ਟਰੀ ਧੋਖਾਧੜੀ ਗਿਰੋਹ ਨਾਲ ਜੁੜਿਆ ਹੋਇਆ ਸੀ, ਜੋ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਅਦਾਲਤੀ ਰਿਕਾਰਡ ਅਨੁਸਾਰ ਦੋਸ਼ੀ, ਜਿਸ ਦੀ ਪਛਾਣ ਰੋਸ਼ਨ ਸ਼ਾਹ ਵਜੋਂ ਹੋਈ ਹੈ, ਕੈਨੇਡਾ ਵਿੱਚ ਵਿਦਿਆਰਥੀ ਵੀਜ਼ੇ 'ਤੇ ਰਹਿ ਰਿਹਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋ ਕੇ ਧੋਖਾਧੜੀ ਰਾਹੀਂ ਹਾਸਲ ਕੀਤੀ ਰਕਮ ਅਤੇ ਕੀਮਤੀ ਸਮਾਨ ਇਕੱਠਾ ਕਰਨ ਦਾ ਕੰਮ ਕਰਦਾ ਸੀ।
ਜਾਂਚ ਏਜੰਸੀਆਂ ਮੁਤਾਬਕ, ਗਿਰੋਹ ਦੇ ਹੋਰ ਮੈਂਬਰ ਅਮਰੀਕਾ ਦੇ ਬਜ਼ੁਰਗਾਂ ਨੂੰ ਫ਼ੋਨ ਕਰਕੇ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਦੱਸਦੇ ਅਤੇ ਉਨ੍ਹਾਂ ਨੂੰ ਇਹ ਕਹਿ ਕੇ ਡਰਾਉਂਦੇ ਸਨ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਗਈ ਹੈ। ਇਸ ਤੋਂ ਬਾਅਦ ਪੀੜਤਾਂ ਨੂੰ ਨਕਦੀ ਅਤੇ ਸੋਨਾ ਇੱਕ ਕਥਿਤ ਸਰਕਾਰੀ ਏਜੰਟ ਦੇ ਹਵਾਲੇ ਕਰਨ ਲਈ ਕਿਹਾ ਜਾਂਦਾ ਸੀ। ਦੋਸ਼ ਹੈ ਕਿ ਰੋਸ਼ਨ ਸ਼ਾਹ ਹੀ ਉਸ ਜਾਅਲੀ ਏਜੰਟ ਦੀ ਭੂਮਿਕਾ ਨਿਭਾਉਂਦਾ ਸੀ।
ਅਧਿਕਾਰੀਆਂ ਦੇ ਅਨੁਸਾਰ, ਇਸ ਤਰੀਕੇ ਨਾਲ ਅਮਰੀਕਾ ਦੇ ਵੱਖ-ਵੱਖ ਰਾਜਾਂ ਵਿੱਚ ਰਹਿੰਦੇ 15 ਬਜ਼ੁਰਗਾਂ ਤੋਂ ਕਰੀਬ 3.7 ਮਿਲੀਅਨ ਅਮਰੀਕੀ ਡਾਲਰ (ਲਗਭਗ 31 ਕਰੋੜ ਰੁਪਏ) ਦੀ ਠੱਗੀ ਕੀਤੀ ਗਈ।
ਰੋਸ਼ਨ ਸ਼ਾਹ ਨੂੰ ਸਾਲ 2025 ਦੌਰਾਨ ਵਿਸਕਾਨਸਿਨ ਦੇ ਨਿਊ ਬਰਲਿਨ ਇਲਾਕੇ ਵਿੱਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਹ ਇੱਕ ਹੋਰ ਪੀੜਤ ਤੋਂ ਰਕਮ ਇਕੱਠੀ ਕਰਨ ਪਹੁੰਚਿਆ ਸੀ। ਇਸ ਮਾਮਲੇ ਦੀ ਜਾਂਚ ਅਮਰੀਕੀ ਹੋਮਲੈਂਡ ਸਕਿਓਰਿਟੀ ਅਤੇ ਨਿਊ ਬਰਲਿਨ ਪੁਲਿਸ ਵਿਭਾਗ ਨੇ ਸਾਂਝੇ ਤੌਰ 'ਤੇ ਕੀਤੀ।
ਸਜ਼ਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਕੇ ਕੀਤੀ ਜਾਣ ਵਾਲੀ ਅਜਿਹੀ ਧੋਖਾਧੜੀ ਗੰਭੀਰ ਅਪਰਾਧ ਹੈ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜ਼ਰੂਰੀ ਹੈ।