ਭਾਰਤ ਦੀ ਆਜ਼ਾਦੀ ਦੀ ਸ਼ੇਰਨੀ: ਮਹਾਰਾਣੀ ਜਿੰਦ ਕੌਰ

Iqbal Singh Lalpura

ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਵਿੱਚ ਇੱਕ ਅਜਿਹਾ ਨਾਮ ਹੈ ਜਿਸ ਤੋਂ ਬ੍ਰਿਟਿਸ਼ ਸਾਮਰਾਜ ਆਪਣੀ ਜਿੱਤ ਤੋਂ ਬਾਅਦ ਵੀ ਡਰਦਾ ਰਿਹਾ, ਪਰ ਜਿਸ ਨੂੰ ਆਜ਼ਾਦ ਭਾਰਤ ਨੇ ਉਹ ਸਥਾਨ ਨਹੀਂ ਦਿੱਤਾ ਜਿਸ ਦੀ ਉਹ ਹੱਕਦਾਰ ਸੀ| ਉਹ ਨਾਮ ਹੈ ਮਹਾਰਾਣੀ ਜਿੰਦ ਕੌਰ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਤਾ ਅਤੇ ਸਿੱਖ ਸਾਮਰਾਜ ਦੀ ਆਖ਼ਰੀ ਅਸਲ ਸਰਪ੍ਰਸਤ ਸੀ| ਬ੍ਰਿਟਿਸ਼ ਸਰਕਾਰ ਦੇ ਆਪਣੇ ਗੁਪਤ ਦਸਤਾਵੇਜ਼, ਪ੍ਰਸ਼ਾਸਕੀ ਰਿਪੋਰਟਾਂ ਅਤੇ ਗਵਰਨਰ ਜਨਰਲ ਲਾਰਡ ਡਲਹੌਜ਼ੀ ਦੇ ਪੱਤਰ ਇਹ ਸਾਬਤ ਕਰਦੇ ਹਨ ਕਿ ਭਾਰਤ ਵਿੱਚ ਕਿਸੇ ਵੀ ਔਰਤ ਤੋਂ ਜੇਕਰ ਬ੍ਰਿਟਿਸ਼ ਸਭ ਤੋਂ ਵੱਧ ਡਰਦੇ ਸਨ ਤਾਂ ਉਹ ਮਹਾਰਾਣੀ ਜਿੰਦ ਕੌਰ ਸੀ| ਡਲਹੌਜ਼ੀ ਨੇ ਉਸ ਬਾਰੇ ਲਿਖਿਆ
&ldquoShe has the only manly understanding in the Punjab.&rdquo
ਇਹ ਪ੍ਰਸ਼ੰਸਾ ਨਹੀਂ ਸੀ, ਇਹ ਇੱਕ ਸਾਮਰਾਜ ਦੇ ਡਰ ਦੀ ਮਨੋਦਸ਼ਾ ਸੀ|
1840 ਦੇ ਦਹਾਕੇ ਵਿੱਚ ਜਦੋਂ ਸਿੱਖ ਸਾਮਰਾਜ ਅੰਦਰੂਨੀ ਸਾਜ਼ਿਸ਼ਾਂ ਅਤੇ ਬਾਹਰੀ ਬ੍ਰਿਟਿਸ਼ ਦਖ਼ਲਅੰਦਾਜ਼ੀ ਨਾਲ ਘਿਰਿਆ ਹੋਇਆ ਸੀ, ਮਹਾਰਾਣੀ ਜਿੰਦ ਕੌਰ ਨੇ ਸਰਦਾਰਾਂ ਨੂੰ ਇਕੱਠਾ ਕਰਕੇ ਖ਼ਾਲਸਾ ਰਾਜ ਨੂੰ ਬਚਾਉਣ ਦਾ ਯਤਨ ਕੀਤਾ| ਹੈਨਰੀ ਲਾਰੈਂਸ ਨੇ ਆਪਣੀਆਂ ਰਿਪੋਰਟਾਂ ਵਿੱਚ ਲਿਖਿਆ ਕਿ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਇੱਕ ਸੁਤੰਤਰ ਸਰਕਾਰ ਨੂੰ ਮੁੜ ਸਥਾਪਿਤ ਕਰਨ ਲਈ ਸਨ| ਸਰ ਫਰੈਡਰਿਕ ਕਰੀ ਨੇ ਉਸਨੂੰ &ldquothe rallying point of rebellion&rdquo  ਕਿਹਾ, ਜਦਕਿ ਹੋਰ ਅਧਿਕਾਰੀਆਂ ਨੇ ਉਸਨੂੰ &ldquoa serious obstacle to 2ritish rule in 9ndia&rdquo ਅਤੇ &ldquoa threat to their power&rdquo ਕਰਾਰ ਦਿੱਤਾ|
1849 ਵਿੱਚ ਦੂਜੇ ਅੰਗਰੇਜ਼-ਸਿੱਖ ਯੁੱਧ ਤੋਂ ਬਾਅਦ ਪੰਜਾਬ ਬ੍ਰਿਟਿਸ਼ ਸਾਮਰਾਜ ਵਿੱਚ ਮਿਲਾ ਦਿੱਤਾ ਗਿਆ| ਪਰ ਜਿੱਤਣ ਤੋਂ ਬਾਅਦ ਵੀ ਬ੍ਰਿਟਿਸ਼ਾਂ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਉਹ ਪੰਜਾਬ ਨੂੰ ਸੁਰੱਖਿਅਤ ਰੱਖ ਸਕਣਗੇ ਜੇ ਮਹਾਰਾਣੀ ਜਿੰਦ ਕੌਰ ਆਜ਼ਾਦ ਰਹੀ| ਲਾਰਡ ਡਲਹੌਜ਼ੀ ਨੇ ਲਿਖਿਆ ਕਿ ਜੇ ਉਹ ਪੰਜਾਬ ਵਾਪਸ ਆ ਗਈ ਤਾਂ ਬ੍ਰਿਟਿਸ਼ ਰਾਜ ਲਈ ਸਭ ਤੋਂ ਵੱਡਾ ਖ਼ਤਰਾ ਪੈਦਾ ਹੋ ਜਾਵੇਗਾ|
ਇਸੇ ਡਰ ਕਾਰਨ ਪਹਿਲਾਂ ਉਸਨੂੰ ਸ਼ੇਖੂਪੁਰਾ ਅਤੇ ਫਿਰ ਚੂਨਾਰ ਦੇ ਅਭੇਦ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਗਿਆ| ਕੈਪਟਨ ਲਿਮਸਡਨ, ਲੈਫਟੀਨੈਂਟ ਹਡਸਨ ਅਤੇ ਹੋਰ ਅਧਿਕਾਰੀ ਦਿਨ-ਰਾਤ ਉਸ ਦੀ ਨਿਗਰਾਨੀ ਕਰਦੇ ਸਨ| ਬ੍ਰਿਟਿਸ਼ ਰਿਕਾਰਡਾਂ ਵਿੱਚ ਸਾਫ਼ ਦਰਜ ਹੈ ਕਿ ਉਸ ਦੀ ਹਰ ਹਰਕਤ &rsquoਤੇ ਨਜ਼ਰ ਰੱਖੀ ਜਾਂਦੀ ਸੀ, ਕਿਉਂਕਿ ਉਹ ਮੰਨਦੇ ਸਨ ਕਿ ਉਹ ਪੰਜਾਬ ਵਿੱਚ ਬਗਾਵਤ ਦੀ ਚਿੰਗਾਰੀ ਨੂੰ ਮੁੜ ਭੜਕਾ ਸਕਦੀ ਹੈ| ਪਰ ਇਤਿਹਾਸ ਨੇ 19 ਅਪ੍ਰੈਲ 1849 ਦੀ ਰਾਤ ਇੱਕ ਅਜਿਹਾ ਅਧਿਆਇ ਲਿਖਿਆ ਜਿਸ ਨੇ ਬ੍ਰਿਟਿਸ਼ ਸਾਮਰਾਜ ਦੀ ਸ਼ਾਨ ਨੂੰ ਝੰਜੋੜ ਦਿੱਤਾ| ਮਹਾਰਾਣੀ ਜਿੰਦ ਕੌਰ, ਜਿਸ ਨੂੰ ਸਭ ਤੋਂ ਸੁਰੱਖਿਅਤ ਕਿਲ੍ਹੇ ਵਿੱਚ ਕੈਦ ਕੀਤਾ ਗਿਆ ਸੀ, ਸਖ਼ਤ ਪਹਿਰੇ ਦੇ ਬਾਵਜੂਦ ਚੂਨਾਰ ਤੋਂ ਨਿਕਲ ਗਈ| ਕਰੀਬ ਇਕ ਮਹੀਨੇ ਵਿੱਚ ਲਗਭਗ ਪੰਜ ਸੌ ਕਿਲੋਮੀਟਰ ਦਾ ਕਠਿਨ ਸਫ਼ਰ ਕਰਕੇ ਉਹ ਨੇਪਾਲ ਦੀ ਰਾਜਧਾਨੀ ਕਾਠਮੰਡੂ ਪਹੁੰਚ ਗਈ|
ਜਦੋਂ ਬ੍ਰਿਟਿਸ਼ ਅਧਿਕਾਰੀ ਉਸਦੇ ਕਮਰੇ ਵਿੱਚ ਪਹੁੰਚੇ ਤਾਂ ਉੱਥੇ ਸਭ ਕੁਝ ਸਲੀਕੇ ਨਾਲ ਸੀ| ਚਾਰਪਾਈ ਉੱਤੇ ਇੱਕ ਚਿੱਠੀ ਪਈ ਸੀ ਅਤੇ ਕੁਝ ਸਿੱਕੇ ਫਰਸ਼ ਉੱਤੇ ਰੱਖੇ ਸਨ| ਇਤਿਹਾਸਕਾਰ ਕ੍ਰਿਸਟੀ ਕੈਂਪਬੈਲ ਲਿਖਦਾ ਹੈ ਕਿ ਮਹਾਰਾਣੀ ਨੇ ਉਹ ਸਿੱਕੇ ਇਹ ਕਹਿ ਕੇ ਛੱਡੇ ਸਨ ਕਿ ਇਹ ਉਸ ਦੀ ਕੈਦ ਦੌਰਾਨ ਮਿਲੀ ਮਹਿਮਾਨ-ਨਿਵਾਜ਼ੀ ਦੀ ਕੀਮਤ ਹੈ| ਇਹ ਸਿਰਫ਼ ਤਨਜ਼ ਨਹੀਂ ਸੀ ਇਹ ਜਿੱਤ ਦਾ ਐਲਾਨ ਸੀ|
ਆਪਣੀ ਫ਼ਾਰਸੀ ਵਿੱਚ ਲਿਖੀ ਚਿੱਠੀ ਵਿੱਚ ਮਹਾਰਾਣੀ ਨੇ ਬ੍ਰਿਟਿਸ਼ਾਂ ਨੂੰ ਚੁਣੌਤੀ ਦਿੰਦਿਆਂ ਲਿਖਿਆ-ਇਹ ਨਾ ਸਮਝਣਾ ਕਿ ਮੈਂ ਭੱਜ ਗਈ ਹਾਂ| ਚੰਗੀ ਤਰ੍ਹਾਂ ਜਾਣ ਲਵੋ ਕਿ ਮੈਂ ਆਪਣੇ ਬਲਬੂਤੇ ਤੇ ਨਿਕਲੀ ਹਾਂ ਕਿਸੇ ਦੀ ਮਦਦ ਨਾਲ ਨਹੀਂ|
ਇਹ ਸ਼ਬਦ ਇੱਕ ਕੈਦੀ ਦੇ ਨਹੀਂ, ਸਗੋਂ ਇੱਕ ਖ਼ੁਦਮੁਖ਼ਤਿਆਰ ਸ਼ਾਸਕ ਦੇ ਸਨ|
ਮਹਾਰਾਣੀ ਦੇ ਨੇਪਾਲ ਪਹੁੰਚਣ ਨਾਲ ਬ੍ਰਿਟਿਸ਼ ਸਰਕਾਰ ਵਿੱਚ ਹੜਕੰਪ ਮਚ ਗਿਆ| ਤੁਰੰਤ ਜਾਂਚ ਕਮੇਟੀ ਬਣਾਈ ਗਈ| ਰਿਪੋਰਟਾਂ ਵਿੱਚ ਮੰਨਿਆ ਗਿਆ ਕਿ ਕਿਲ੍ਹੇ ਦੇ ਕਰਮਚਾਰੀ ਉਸਦੇ ਵਿਅਕਤੀਤਵ ਤੋਂ ਪ੍ਰਭਾਵਿਤ ਸਨ ਅਤੇ ਸਥਾਨਕ ਲੋਕ ਉਸ ਪ੍ਰਤੀ ਅਸਾਧਾਰਣ ਸਤਿਕਾਰ ਰੱਖਦੇ ਸਨ|
ਕਾਠਮੰਡੂ ਪਹੁੰਚ ਕੇ ਮਹਾਰਾਣੀ ਜਿੰਦ ਕੌਰ ਨੇ ਨੇਪਾਲ ਦੇ ਮਹਾਰਾਜਾ ਰਾਜੇਂਦਰ ਵਿਕ੍ਰਮ ਸ਼ਾਹ ਅਤੇ ਦੇਸ਼ ਦੇ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਜੰਗ ਬਹਾਦਰ ਰਾਣਾ ਨਾਲ ਮੁਲਾਕਾਤ ਕੀਤੀ| ਸ਼ੁਰੂ ਵਿੱਚ ਬ੍ਰਿਟਿਸ਼ ਦਬਾਅ ਕਾਰਨ ਨੇਪਾਲ ਸਰਕਾਰ ਦੁਵਿਧਾ ਵਿੱਚ ਸੀ, ਪਰ ਅੰਤ ਵਿੱਚ ਮਹਾਰਾਣੀ ਨੂੰ ਰਾਜਨੀਤਿਕ ਸ਼ਰਨ ਦਿੱਤੀ ਗਈ| ਬ੍ਰਿਟਿਸ਼ ਸਰਕਾਰ ਨੇ ਨੇਪਾਲ ਦਰਬਾਰ ਤੇ ਲਗਾਤਾਰ ਦਬਾਅ ਬਣਾਇਆ ਕਿ ਮਹਾਰਾਣੀ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ, ਪਰ ਇਹ ਯਤਨ ਸਫ਼ਲ ਨਾ ਹੋ ਸਕੇ|
ਨੇਪਾਲ ਵਿੱਚ ਲਗਭਗ ਗਿਆਰਾਂ ਸਾਲ ਦੇ ਜਲਾਵਤਨ ਜੀਵਨ ਨੇ ਮਹਾਰਾਣੀ ਦੀ ਸਿਹਤ ਨੂੰ ਬਹੁਤ ਪ੍ਰਭਾਵਿਤ ਕੀਤਾ| ਲਗਾਤਾਰ ਕੈਦ, ਵਿਛੋੜਾ, ਦੁੱਖ ਅਤੇ ਸੰਘਰਸ਼ ਕਾਰਨ ਉਸਦੀ ਨਜ਼ਰ ਹੌਲੀ-ਹੌਲੀ ਜਾਂਦੀ ਰਹੀ| ਜਦੋਂ 1861 ਵਿੱਚ ਉਸਦੀ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨਾਲ ਕਲਕੱਤਾ ਵਿੱਚ ਮੁਲਾਕਾਤ ਹੋਈ ਤਾਂ ਉਹ ਲਗਭਗ ਪੂਰੀ ਤਰ੍ਹਾਂ ਨੇਤਰਹੀਣ ਹੋ ਚੁੱਕੀ ਸੀ| ਦਲੀਪ ਸਿੰਘ ਨੇ ਕਈ ਸਾਲਾਂ ਬਾਅਦ ਆਪਣੀ ਮਾਂ ਨੂੰ ਪਛਾਣਿਆ ਅਤੇ ਮਾਂ ਨੇ ਆਪਣੇ ਪੁੱਤਰ ਨੂੰ ਛੂਹ ਕੇ ਪਛਾਣਿਆ| ਮਹਾਰਾਜਾ ਦਲੀਪ ਸਿੰਘ ਦੇ ਸਿਰ ਨਾ ਵੇਖ ਕਿ ਆਖਿਆ ਸੀ ਮੇਨੂ, ਸ਼ੇਰੇ ਪੰਜਾਬ ਵਰਗੇ ਪਤੀ ਤੇ ਆਜ਼ਾਦ ਦੇਸ਼ ਜਾਣ ਦਾ ਦੁੱਖ ਇਨ੍ਹਾਂ ਨਹੀਂ ਸੀ, ਜਿੰਨਾ ਤੇਰੇ ਕੇਸ ਕਤਲ ਕਰਵਾਉਣ ਦਾ ਹੋਇਆ ਹੈ, ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ| ਇਹ ਸਿੱਖ ਇਤਿਹਾਸ ਦੇ ਸਭ ਤੋਂ ਦੁੱਖੀ ਪਲਾਂ ਵਿੱਚੋਂ ਇੱਕ ਹੈ|
ਇਸ ਤੋਂ ਬਾਅਦ ਦੋਵੇਂ ਇੰਗਲੈਂਡ ਚਲੇ ਗਏ| ਸਰੀਰਕ ਤੌਰ ਤੇ ਕਮਜ਼ੋਰ ਹੋ ਚੁੱਕੀ, ਪਰ ਆਤਮਿਕ ਤੌਰ ਤੇ ਅਜੇ ਵੀ ਅਡੋਲ ਮਹਾਰਾਣੀ ਜਿੰਦ ਕੌਰ ਨੇ 1 ਅਗਸਤ 1863 ਨੂੰ ਇਸ ਸੰਸਾਰ ਨੂੰ ਅਲਵਿਦਾ ਕਿਹਾ| ਉਹ ਲਗਭਗ ਨੇਤਰਹੀਣ ਸੀ, ਪਰ ਉਸਦੀ ਦੂਰਦ੍ਰਿਸ਼ਟੀ ਨੇ ਇੱਕ ਅਜਿਹੀ ਚੇਤਨਾ ਨੂੰ ਜਨਮ ਦਿੱਤਾ ਜਿਸ ਤੋਂ ਬ੍ਰਿਟਿਸ਼ ਸਾਮਰਾਜ ਆਪਣੀ ਜਿੱਤ ਤੋਂ ਬਾਅਦ ਵੀ ਡਰਦਾ ਰਿਹਾ|
ਬ੍ਰਿਟਿਸ਼ ਪ੍ਰੈੱਸ ਨੇ ਉਸਨੂੰ &ldquoMessalina of the Punjab&rdquo, &ldquoThe Rebel Queen&rdquo ਅਤੇ &ldquothe woman who terrified the 2ritish 5mpire&rdquo ਵਰਗੇ ਨਾਂ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ| ਪਰ ਇਤਿਹਾਸ ਦਾ ਫ਼ੈਸਲਾ ਪ੍ਰਚਾਰ ਨਾਲ ਨਹੀਂ, ਦਸਤਾਵੇਜ਼ਾਂ ਨਾਲ ਹੁੰਦਾ ਹੈ| ਬ੍ਰਿਟਿਸ਼ਾਂ ਦੇ ਆਪਣੇ ਰਿਕਾਰਡ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਮਹਾਰਾਣੀ ਜਿੰਦ ਕੌਰ ਸਿਰਫ਼ ਸਿੱਖ ਰਾਜ ਦੀ ਰਾਣੀ ਨਹੀਂ ਸੀ ਉਹ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਵਿਰੁੱਧ ਸੁਤੰਤਰਤਾ ਦੀ ਸਭ ਤੋਂ ਸ਼ਕਤੀਸ਼ਾਲੀ ਆਵਾਜ਼ਾਂ ਵਿੱਚੋਂ ਇੱਕ ਸੀ| 1 ਅਗਸਤ ਨੂੰ, ਉਸਦੀ ਬਰਸੀ ਮੌਕੇ ਅਸੀਂ ਉਸ ਮਹਾਨ ਸ਼ੇਰਨੀ ਨੂੰ ਯਾਦ ਕਰਨਾ ਵੀ ਭੁੱਲ ਚੁੱਕੇ ਹਾਂ ਜਿਸਨੇ ਕੈਦ, ਜਲਾਵਤਨੀ ਤੇ ਆਪਣੀ ਨਜ਼ਰ ਗੁਆ ਦਿੱਤੀ, ਪਰ ਆਪਣੀ ਆਜ਼ਾਦੀ ਦੀ ਚੇਤਨਾ ਕਦੇ ਨਹੀਂ ਗੁਆਈ| ਮਹਾਰਾਣੀ ਜਿੰਦ ਕੌਰ ਕੇਵਲ ਸਿੱਖ ਇਤਿਹਾਸ ਦੀ ਨਹੀਂ, ਸਗੋਂ ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਪਹਿਲੀ ਮਹਾਨ ਸ਼ੇਰਨੀ ਸੀ, ਉਹ ਔਰਤ ਜਿਸ ਤੋਂ ਬ੍ਰਿਟਿਸ਼ ਸਾਮਰਾਜ ਡਰਦਾ ਸੀ| ਅੱਜ ਉਸ ਦੀਆਂ ਵਾਰਿਸ ਸਿੱਖ ਬੀਬੀਆਂ ਲਈ ਇਕ ਪੁਕਾਰ ਹੈ, ਸ਼ਾਇਦ ਕੌਮ ਨੂੰ ਮਹਾਰਾਣੀ ਦੇ ਸੰਘਰਸ਼ ਦੀ ਵਿਰਾਸਤ, ਸਿੱਖ ਪੰਥ ਵਿੱਚ ਸਮਰਪਣ ਨੂੰ ਮੁੜ ਸੁਰਜੀਤ ਉਸ ਵਰਗੀਆਂ ਮਾਤਾਵਾਂ ਹੀ ਕਰ ਸਕਦੀਆਂ ਹਨ|
ਇਕਬਾਲ ਸਿੰਘ ਲਾਲਪੁਰਾ
ਸਾਬਕਾ ਚੇਅਰਮੈਨ
ਕੌਮੀ ਘੱਟ ਗਿਣਤੀਆਂ ਕਮਿਸ਼ਨ
ਭਾਰਤ ਸਰਕਾਰ