ਰਾਜ ਸਭਾ ਵਿੱਚ ਨਦੀਆਂ ਦੀ ਸੁਰੱਖਿਆ ਦਾ ਮੁੱਦਾ ਉਠਿਆ, ਸੰਤ ਸੀਚੇਵਾਲ ਨੇ ਕਬਜ਼ੇ ਹਟਾਉਣ ਦੀ ਕੀਤੀ ਅਪੀਲ

ਨਵੀਂ ਦਿੱਲੀ,  : ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਦੀਆਂ ਨਦੀਆਂ ਅਤੇ ਜਲ ਸਰੋਤਾਂ ਦੀ ਸੰਭਾਲ ਦਾ ਮੁੱਦਾ ਸਦਨ ਵਿੱਚ ਉਠਾਉਂਦਿਆਂ ਉਨ੍ਹਾਂ ਉੱਤੇ ਹੋ ਰਹੇ ਕਥਿਤ ਨਜਾਇਜ਼ ਕਬਜ਼ਿਆਂ ਪ੍ਰਤੀ ਗੰਭੀਰ ਚਿੰਤਾ ਜ਼ਾਹਰ ਕੀਤੀ। ਉਨ੍ਹਾਂ ਨੇ 'ਵਿਸ਼ੇਸ਼ ਉਲੇਖ' ਰਾਹੀਂ ਕੇਂਦਰ ਅਤੇ ਸੰਬੰਧਿਤ ਏਜੰਸੀਆਂ ਦਾ ਧਿਆਨ ਇਸ ਪਾਸੇ ਖਿੱਚਿਆ।
ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ ਸਿਰਫ਼ ਪਾਣੀ ਦਾ ਸਰੋਤ ਨਹੀਂ, ਸਗੋਂ ਪੂਰੇ ਵਾਤਾਵਰਨ ਅਤੇ ਜੀਵਨ ਚੱਕਰ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਨਦੀਆਂ ਦਾ ਕੁਦਰਤੀ ਵਹਾਅ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਦਾ ਅਸਰ ਵਾਤਾਵਰਨ, ਜੈਵ ਵਿਭਿੰਨਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਪੈਂਦਾ ਹੈ।
ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਨਦੀਆਂ ਅਤੇ ਹੋਰ ਜਲ ਸਰੋਤਾਂ ਉੱਤੇ ਹੋਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ ਅਤੇ National Green Tribunal (ਐਨਜੀਟੀ) ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਰਾਜ ਸਭਾ ਮੈਂਬਰ ਨੇ ਇਹ ਵੀ ਸੁਝਾਅ ਦਿੱਤਾ ਕਿ ਦੇਸ਼ ਭਰ ਵਿੱਚ ਨਦੀਆਂ ਦੀ ਸੁਰੱਖਿਆ ਅਤੇ ਪੁਨਰ ਸੁਰਜੀਤੀ ਲਈ ਵਿਆਪਕ ਜਨ-ਜਾਗਰੂਕਤਾ ਮੁਹਿੰਮ ਚਲਾਈ ਜਾਵੇ, ਤਾਂ ਜੋ ਲੋਕਾਂ ਦੀ ਭਾਗੀਦਾਰੀ ਨਾਲ ਜਲ ਸਰੋਤਾਂ ਦੀ ਸੰਭਾਲ ਨੂੰ ਹੋਰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਨਦੀਆਂ ਨੂੰ ਉਨ੍ਹਾਂ ਦਾ ਕੁਦਰਤੀ ਸਰੂਪ ਵਾਪਸ ਦਿਵਾਉਣਾ ਸਮੇਂ ਦੀ ਵੱਡੀ ਲੋੜ ਹੈ।