ਮੋਰਿੰਡਾ ਨੇੜੇ ਗੋਲੀਬਾਰੀ ਦੀ ਘਟਨਾ, ਅਜਨਾਲਾ ਕੇਸ ਦੇ ਗਵਾਹ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ਾਂ ਦੀ ਜਾਂਚ ਜਾਰੀ

ਮੋਰਿੰਡਾ,  : ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਨੇੜੇ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਅਜਨਾਲਾ ਥਾਣਾ ਮਾਮਲੇ ਦੇ ਗਵਾਹ ਵਰਿੰਦਰ ਸਿੰਘ ਉਰਫ਼ ਮਾਵੀ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਇਹ ਘਟਨਾ ਪਿੰਡ ਰਸੂਲਪੁਰ ਦੇ ਨੇੜੇ ਵਾਪਰੀ, ਜਿੱਥੇ ਇੱਕ ਥਾਰ ਗੱਡੀ ਵਿੱਚ ਆਏ ਕੁਝ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ। ਘਟਨਾ ਵੇਲੇ ਵਰਿੰਦਰ ਸਿੰਘ ਆਪਣੇ ਇੱਕ ਸਾਥੀ ਨਾਲ ਮੌਜੂਦ ਸਨ।
ਪੁਲਿਸ ਅਨੁਸਾਰ ਵਰਿੰਦਰ ਸਿੰਘ ਨੂੰ ਪਹਿਲਾਂ ਤੋਂ ਸੁਰੱਖਿਆ ਵਜੋਂ ਦੋ ਸੁਰੱਖਿਆ ਕਰਮਚਾਰੀ ਅਤੇ ਇੱਕ ਸਰਕਾਰੀ ਵਾਹਨ ਦਿੱਤਾ ਗਿਆ ਹੋਇਆ ਸੀ। ਹਾਲਾਂਕਿ, ਘਟਨਾ ਸਮੇਂ ਸੁਰੱਖਿਆ ਕਰਮਚਾਰੀ ਉਨ੍ਹਾਂ ਦੇ ਨਾਲ ਨਹੀਂ ਸਨ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਉਹ ਘਟਨਾ ਤੋਂ ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੇ ਨਾਲ ਨਾ ਲੈ ਕੇ ਗਏ ਸਨ।
ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਮਾਮਲਾ ਰੋਡ ਰੇਜ ਨਾਲ ਸੰਬੰਧਿਤ ਹੋਣ ਦੀ ਸੰਭਾਵਨਾ ਵੀ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਫਆਈਆਰ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਗੋਲੀਬਾਰੀ ਦੌਰਾਨ ਵਰਿੰਦਰ ਸਿੰਘ ਦੇ ਨਾਲ ਮੌਜੂਦ ਉਸ ਦੇ ਸਾਥੀ ਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ।