ਯੂਕੇ ਵਿੱਚ ਬਾਲ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਮਾਮਲੇ 'ਚ ਪੰਜ ਵਿਅਕਤੀ ਦੋਸ਼ੀ ਕਰਾਰ, ਭਾਰਤੀ ਮੂਲ ਦਾ ਇੱਕ ਵਿਅਕਤੀ ਵੀ ਸ਼ਾਮਲ

ਲੰਡਨ,   ਯੂਨਾਈਟਿਡ ਕਿੰਗਡਮ ਵਿੱਚ ਬਾਲ ਜਿਨਸੀ ਸ਼ੋਸ਼ਣ ਅਤੇ ਮਨੁੱਖੀ ਤਸਕਰੀ ਨਾਲ ਜੁੜੇ ਇੱਕ ਵੱਡੇ ਮਾਮਲੇ ਵਿੱਚ ਅਦਾਲਤ ਨੇ ਪੰਜ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਸ਼ੀਆਂ ਵਿੱਚ ਭਾਰਤੀ ਮੂਲ ਦਾ ਇੱਕ ਵਿਅਕਤੀ ਵੀ ਸ਼ਾਮਲ ਹੈ, ਜਿਸ ਉੱਤੇ ਮਨੁੱਖੀ ਤਸਕਰੀ ਦੀ ਸਾਜ਼ਿਸ਼ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਨਾਲ ਸੰਬੰਧਿਤ ਦੋਸ਼ ਸਾਬਤ ਹੋਏ ਹਨ।

ਮਾਮਲੇ ਦੀ ਸੁਣਵਾਈ ਵੇਲਜ਼ ਦੀ ਕੈਅਰਨਾਰਫਨ ਕਰਾਊਨ ਕੋਰਟ ਵਿੱਚ ਕਰੀਬ ਤਿੰਨ ਮਹੀਨੇ ਤੱਕ ਚੱਲੀ। ਅਦਾਲਤ ਨੇ 61 ਸਾਲਾ ਜਸਵਿੰਦਰ ਸਿੰਘ ਨੂੰ ਮਨੁੱਖੀ ਤਸਕਰੀ ਦੀ ਸਾਜ਼ਿਸ਼ ਨਾਲ ਜੁੜੇ ਦੋ ਦੋਸ਼ਾਂ ਅਤੇ ਕੈਨਾਬਿਸ ਦੀ ਸਪਲਾਈ ਨਾਲ ਸੰਬੰਧਿਤ ਇੱਕ ਹੋਰ ਦੋਸ਼ ਵਿੱਚ ਦੋਸ਼ੀ ਠਹਿਰਾਇਆ।

ਉੱਤਰੀ ਵੇਲਜ਼ ਪੁਲਿਸ ਮੁਤਾਬਕ ਇਹ ਮਾਮਲਾ ਅਪ੍ਰੈਲ 2022 ਤੋਂ ਮਾਰਚ 2024 ਦਰਮਿਆਨ ਤਿੰਨ ਨਾਬਾਲਗ ਲੜਕੀਆਂ ਦੇ ਕਥਿਤ ਜਿਨਸੀ ਸ਼ੋਸ਼ਣ ਅਤੇ ਦੁਰਵਿਹਾਰ ਨਾਲ ਸੰਬੰਧਿਤ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਈ ਸਾਲਾਂ ਤੱਕ ਚੱਲੀ, ਜਿਸ ਤੋਂ ਬਾਅਦ ਸਬੂਤਾਂ ਦੇ ਆਧਾਰ 'ਤੇ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਇਆ।

ਪੁਲਿਸ ਨੇ ਕਿਹਾ ਕਿ ਬੱਚਿਆਂ ਅਤੇ ਨਾਬਾਲਗਾਂ ਵਿਰੁੱਧ ਅਜਿਹੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣਾ ਪਹਿਲੀ ਤਰਜੀਹ ਹੈ।