ਦਿੱਲੀ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਦੀ ਅਹਿਮ ਬੈਠਕ, ਸੁਖਜਿੰਦਰ ਰੰਧਾਵਾ ਦੀ ਰਿਹਾਇਸ਼ 'ਤੇ ਹੋਈ ਮੀਟਿੰਗ

ਨਵੀਂ ਦਿੱਲੀ,: ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇੱਕ ਅਹਿਮ ਬੈਠਕ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ 'ਤੇ ਹੋਈ। ਇਸ ਬੈਠਕ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹੇ।

ਲਗਭਗ ਅੱਧੇ ਘੰਟੇ ਤੱਕ ਚੱਲੀ ਇਸ ਬੈਠਕ ਤੋਂ ਬਾਅਦ ਕਿਸੇ ਵੀ ਆਗੂ ਵੱਲੋਂ ਮੀਟਿੰਗ ਦੇ ਏਜੰਡੇ ਜਾਂ ਹੋਈ ਚਰਚਾ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮੀਟਿੰਗ ਸਮਾਪਤ ਹੋਣ ਮਗਰੋਂ ਚਰਨਜੀਤ ਸਿੰਘ ਚੰਨੀ ਰਵਾਨਾ ਹੋ ਗਏ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੱਤੇ ਬਿਨਾਂ ਸਿਰਫ਼ ਹੱਥ ਹਿਲਾ ਕੇ ਅੱਗੇ ਵਧ ਗਏ।

ਇਹ ਬੈਠਕ ਉਸ ਸਮੇਂ ਹੋਈ ਹੈ ਜਦੋਂ ਪੰਜਾਬ ਕਾਂਗਰਸ ਦੇ ਸੰਗਠਨ ਅਤੇ ਪਾਰਟੀ ਦੀਆਂ ਅੰਦਰੂਨੀ ਗਤੀਵਿਧੀਆਂ ਨੂੰ ਲੈ ਕੇ ਸਿਆਸੀ ਚਰਚਾ ਜਾਰੀ ਹੈ। ਹਾਲਾਂਕਿ, ਮੀਟਿੰਗ ਨੂੰ ਕਿਸੇ ਖ਼ਾਸ ਮਸਲੇ ਜਾਂ ਅੰਦਰੂਨੀ ਵਿਵਾਦ ਨਾਲ ਜੋੜਨ ਬਾਰੇ ਪਾਰਟੀ ਵੱਲੋਂ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ।

ਸਿਆਸੀ ਹਲਕਿਆਂ ਵਿੱਚ ਇਸ ਬੈਠਕ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਪਰ ਇਸ ਦੇ ਨਤੀਜਿਆਂ ਜਾਂ ਭਵਿੱਖੀ ਰਣਨੀਤੀ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ।