ਲੁਧਿਆਣਾ 'ਚ ਕਾਂਗਰਸ ਮੀਟਿੰਗ ਦੌਰਾਨ ਨਾਅਰੇਬਾਜ਼ੀ, ਚੰਨੀ ਤੇ ਆਸ਼ੂ ਦੇ ਸਮਰਥਨ ਵਿੱਚ ਗੂੰਜੇ ਸੁਰ

ਲੁਧਿਆਣਾ: ਪੰਜਾਬ ਕਾਂਗਰਸ ਦੀ ਲੁਧਿਆਣਾ ਵਿੱਚ ਹੋਈ ਮੀਟਿੰਗ ਦੌਰਾਨ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਕੁਝ ਵਰਕਰਾਂ ਨੇ ਵੱਖ-ਵੱਖ ਆਗੂਆਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕੀਤੀ। ਸਮਾਗਮ ਦੌਰਾਨ ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਨਾਅਰੇ ਸੁਣੇ ਗਏ, ਜਿਸ ਕਾਰਨ ਕੁਝ ਸਮੇਂ ਲਈ ਹਾਲ ਵਿੱਚ ਤਣਾਅ ਵਾਲੀ ਸਥਿਤੀ ਬਣ ਗਈ।
ਮੀਟਿੰਗ ਵਿੱਚ ਮੌਜੂਦ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨਾਅਰੇਬਾਜ਼ੀ ਕਰਨ ਵਾਲੇ ਕੁਝ ਵਿਅਕਤੀਆਂ 'ਤੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਹਾਲ ਤੋਂ ਬਾਹਰ ਜਾਣ ਲਈ ਕਿਹਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਲੋਕ ਪਾਰਟੀ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਵੀ ਨਾਅਰੇ ਲਗੇ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਜਨਤਕ ਤੌਰ 'ਤੇ ਆਪਣਾ ਰੁਖ ਸਪੱਸ਼ਟ ਕਰਨ ਦੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਕਾਂ ਨੇ ਵੀ ਆਪਣੇ ਆਗੂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ, ਹਾਲਾਂਕਿ ਆਸ਼ੂ ਖ਼ੁਦ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਸਨ।
ਸਮਾਗਮ ਸਥਾਨ ਦੇ ਬਾਹਰ ਜ਼ਿਲ੍ਹਾ ਕਾਂਗਰਸ ਵੱਲੋਂ ਵੱਖ-ਵੱਖ ਆਗੂਆਂ ਦੇ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ਵਿੱਚ ਕਈ ਸੀਨੀਅਰ ਅਤੇ ਸਥਾਨਕ ਆਗੂਆਂ ਦੀਆਂ ਤਸਵੀਰਾਂ ਸ਼ਾਮਲ ਸਨ। ਇਸ ਦੇ ਬਾਵਜੂਦ ਮੀਟਿੰਗ ਅੰਦਰ ਕੁਝ ਸਮੇਂ ਲਈ ਸਿਆਸੀ ਖਿੱਚੋਤਾਣ ਦਾ ਮਾਹੌਲ ਬਣਿਆ ਰਿਹਾ।