ਕੇਜਰੀਵਾਲ ਦੀ ਟਿੱਪਣੀ ਉਨ੍ਹਾਂ ਦੀ ਰਾਜਨੀਤਿਕ ਘਬਰਾਹਟ ਦਾ ਸਬੂਤ

'ਆਪ' ਦੀ ਸਿੱਖਿਆ ਕ੍ਰਾਂਤੀ ਦਾ ਗ਼ੁਬਾਰਾ ਫਟ ਚੁੱਕਾ ਹੈ: ਪ੍ਰੋ. ਸਰਚਾਂਦ ਸਿੰਘ ਖਿਆਲਾ
ਅੰਮ੍ਰਿਤਸਰ,  : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸੰਸਦ ਭਵਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ 'ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਟਿੱਪਣੀ ਨੂੰ ਉਨ੍ਹਾਂ ਦੀ ਰਾਜਨੀਤਿਕ ਘਬਰਾਹਟ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੱਖ-ਵੱਖ ਰਾਜਾਂ ਅਤੇ ਰਾਜਨੀਤਿਕ ਦਲਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਾ ਇੱਕ ਆਮ, ਸੰਵਿਧਾਨਕ ਅਤੇ ਸਿਹਤਮੰਦ ਪਰੰਪਰਾ ਹੈ। ਅਜਿਹੀਆਂ ਮੁਲਾਕਾਤਾਂ ਨੂੰ ਫ਼ਿਲਮੀ ਡਾਇਲਾਗਾਂ ਅਤੇ ਸੋਸ਼ਲ ਮੀਡੀਆ ਦੇ ਤਨਜ਼ ਤੱਕ ਸੀਮਤ ਕਰਨਾ ਰਾਜਨੀਤਿਕ ਗੰਭੀਰਤਾ ਦੀ ਘਾਟ ਨੂੰ ਦਰਸਾਉਂਦਾ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਜੇਕਰ ਇਸ ਮੁਲਾਕਾਤ ਵਿੱਚ ਪੰਜਾਬ ਦੇ ਕਿਸਾਨਾਂ, ਸਰਹੱਦੀ ਸੁਰੱਖਿਆ, ਨਸ਼ਿਆਂ, ਉਦਯੋਗ, ਐੱਮ.ਐੱਸ.ਪੀ., ਪਾਣੀਆਂ ਜਾਂ ਸੂਬੇ ਦੇ ਵਿਕਾਸ ਵਰਗੇ ਮੁੱਦਿਆਂ 'ਤੇ ਚਰਚਾ ਹੋਈ ਹੈ ਤਾਂ ਇਹ ਪੰਜਾਬ ਦੇ ਹਿੱਤ ਵਿੱਚ ਸਕਾਰਾਤਮਿਕ ਗੱਲ ਹੈ। ਕੇਵਲ ਇੱਕ ਮੁਲਾਕਾਤ ਦੇ ਆਧਾਰ 'ਤੇ ਰਾਜਨੀਤਿਕ ਅਟਕਲਾਂ ਲਗਾਉਣਾ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਗੈਰ-ਜ਼ਿੰਮੇਵਾਰਾਨਾ ਰਵੱਈਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਸਪੱਸ਼ਟ ਰੁਖ ਹੈ ਕਿ ਪੰਜਾਬ ਦੇ ਹਿੱਤ ਨੂੰ ਪਹਿਲ ਹੈ। ਪਾਰਟੀ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਪਾਰਟੀ ਨਾਲ ਸਬੰਧਤ ਹਰ ਰਾਜਨੀਤਿਕ ਫ਼ੈਸਲਾ ਸਮੇਂ-ਸਿਰ ਅਧਿਕਾਰਕ ਤੌਰ 'ਤੇ ਜਨਤਕ ਕੀਤਾ ਜਾਂਦਾ ਹੈ। ਇਸ ਲਈ ਬੇਬੁਨਿਆਦ ਕਿਆਸਅਰਾਈ ਕਰਨਾ ਸਿਰਫ਼ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ &rsquoਚ 'ਆਪ' ਦੀ ਕਥਿਤ "ਸਿੱਖਿਆ ਕ੍ਰਾਂਤੀ" ਦਾ ਗ਼ੁਬਾਰਾ ਫਟ ਚੁੱਕਾ ਹੈ ਅਤੇ ਇਸ਼ਤਿਹਾਰਾਂ ਦੀ ਚਮਕ ਵੀ ਪੰਜਾਬ ਦੇ ਤਬਾਹ ਹੋਏ ਸਿੱਖਿਆ ਤੰਤਰ ਨੂੰ ਨਹੀਂ ਕੱਜ ਸਕਦੀ। ਕੇਜਰੀਵਾਲ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਉਨ੍ਹਾਂ ਦੀ ਕਥਿਤ "ਸਿੱਖਿਆ ਕ੍ਰਾਂਤੀ" ਦਾ ਕੀ ਬਣਿਆ? ਸਿੱਖਿਆ ਵਿਭਾਗ ਦੇ ਆਪਣੇ ਅੰਕੜੇ ਦੱਸਦੇ ਹਨ ਕਿ 31,370 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ, ਸਰਕਾਰੀ ਕਾਲਜਾਂ ਵਿੱਚ 2,424 ਅਸਾਮੀਆਂ ਖਾਲੀ ਪਈਆਂ ਹਨ ਅਤੇ ਸਰਕਾਰੀ ਸਕੂਲਾਂ ਵਿੱਚੋਂ ਲਗਭਗ 6 ਲੱਖ ਵਿਦਿਆਰਥੀਆਂ ਦੇ ਦਾਖ਼ਲੇ ਘਟੇ ਹਨ। ਜੇ ਸਿੱਖਿਆ ਵਿੱਚ ਕ੍ਰਾਂਤੀ ਆਈ ਹੈ ਤਾਂ ਇਹ ਹਾਲਾਤ ਕਿਉਂ ਹਨ?
ਉਨ੍ਹਾਂ ਕਿਹਾ ਕਿ ਜੋ ਲੋਕ ਸਿੱਖਿਆ, ਨਸ਼ਾ-ਮੁਕਤ ਪੰਜਾਬ ਅਤੇ ਇਮਾਨਦਾਰ ਰਾਜਨੀਤੀ ਦੇ ਵਾਅਦੇ ਕਰਕੇ ਸੱਤਾ ਵਿੱਚ ਆਏ ਸਨ, ਉਹ ਅੱਜ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਲਈ ਟਵਿੱਟਰ ਦੀ ਰਾਜਨੀਤੀ ਕਰ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਫ਼ਿਲਮੀ ਡਾਇਲਾਗ ਨਹੀਂ, ਸਗੋਂ ਖਾਲੀ ਅਧਿਆਪਕ ਅਸਾਮੀਆਂ, ਡਗਮਗਾਉਂਦੀ ਕਾਨੂੰਨ-ਵਿਵਸਥਾ, ਨਸ਼ਿਆਂ ਦੇ ਵਧਦੇ ਜਾਲ ਅਤੇ ਟੁੱਟ ਰਹੇ ਪ੍ਰਸ਼ਾਸਨ ਬਾਰੇ ਜਵਾਬ ਚਾਹੀਦੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਜਿੱਥੇ ਤੱਕ ਕੇਜਰੀਵਾਲ ਵੱਲੋਂ ਵਰਤੀ ਗਈ ਭਾਸ਼ਾ ਦਾ ਸਵਾਲ ਹੈ, ਉਹ ਪਹਿਲਾਂ ਆਪਣੀ ਪਾਰਟੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਆਪਣੇ ਸਾਥੀਆਂ ਖ਼ਿਲਾਫ਼ ਚੱਲ ਰਹੇ ਮਾਮਲਿਆਂ 'ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ। ਦੂਜਿਆਂ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤ ਮਾਰਨੀ ਚਾਹੀਦੀ ਹੈ।
ਅੰਤ ਵਿੱਚ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਸੋਸ਼ਲ ਮੀਡੀਆ ਦੇ ਤਨਜ਼ ਜਾਂ ਸਿਆਸੀ ਮਨੋਰੰਜਨ 'ਤੇ ਨਹੀਂ, ਸਗੋਂ ਵਿਕਾਸ, ਸੁਰੱਖਿਆ, ਸੁਸ਼ਾਸਨ ਅਤੇ ਲੋਕ-ਹਿੱਤ ਦੇ ਮੁੱਦਿਆਂ 'ਤੇ ਆਧਾਰਿਤ ਹੈ। ਪੰਜਾਬ ਦੇ ਲੋਕ ਹੁਣ ਨਾਅਰੇ ਨਹੀਂ, ਨਤੀਜੇ ਮੰਗ ਰਹੇ ਹਨ ਪ੍ਰਚਾਰ ਨਹੀਂ, ਜਵਾਬਦੇਹੀ ਮੰਗ ਰਹੇ ਹਨ।