ਟਰੰਪ ਦੇ ਦੋ ਨਵੇਂ ਕਾਰਜਕਾਰੀ ਹੁਕਮ: ਬ੍ਰਥ ਟੂਰਿਜ਼ਮ ਅਤੇ ਨਾਗਰਿਕਤਾ ਨਿਯਮਾਂ 'ਤੇ ਹੋਵੇਗੀ ਸਖ਼ਤੀ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਮ ਦੇ ਆਧਾਰ 'ਤੇ ਮਿਲਣ ਵਾਲੀ ਅਮਰੀਕੀ ਨਾਗਰਿਕਤਾ (Birthright Citizenship) ਨਾਲ ਜੁੜੇ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਲਈ ਦੋ ਨਵੇਂ ਕਾਰਜਕਾਰੀ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਦਾ ਉਦੇਸ਼ ਕਥਿਤ "ਬ੍ਰਥ ਟੂਰਿਜ਼ਮ" 'ਤੇ ਰੋਕ ਲਗਾਉਣਾ ਅਤੇ ਕੁਝ ਵਿਸ਼ੇਸ਼ ਹਾਲਾਤਾਂ ਵਿੱਚ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਨੂੰ ਸੀਮਤ ਕਰਨਾ ਹੈ।
ਪਹਿਲੇ ਹੁਕਮ ਤਹਿਤ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਲਈ ਵੀਜ਼ਾ ਜਾਂਚ ਹੋਰ ਸਖ਼ਤ ਕੀਤੀ ਜਾਵੇਗੀ, ਜਿਨ੍ਹਾਂ 'ਤੇ ਇਹ ਸ਼ੱਕ ਹੋਵੇ ਕਿ ਉਹ ਸਿਰਫ਼ ਬੱਚੇ ਨੂੰ ਅਮਰੀਕਾ ਵਿੱਚ ਜਨਮ ਦਿਵਾ ਕੇ ਉਸ ਲਈ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਉਦੇਸ਼ ਨਾਲ ਟੂਰਿਸਟ ਵੀਜ਼ੇ 'ਤੇ ਦੇਸ਼ ਵਿੱਚ ਦਾਖ਼ਲ ਹੋ ਰਹੇ ਹਨ।
ਦੂਜੇ ਹੁਕਮ ਵਿੱਚ ਅਜਿਹੇ ਮਾਮਲਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿੱਥੇ ਬੱਚੇ ਦੇ ਮਾਪਿਆਂ ਦੇ ਅੱਤਵਾਦੀ ਗਤੀਵਿਧੀਆਂ ਨਾਲ ਸਬੰਧ ਹੋਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਵਿਦੇਸ਼ੀ ਸਰਕਾਰਾਂ ਦੇ ਕੁਝ ਰਾਜਨਾਇਕਾਂ, ਸਰਕਾਰੀ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਜੁੜੇ ਵਿਅਕਤੀਆਂ ਦੇ ਅਮਰੀਕਾ ਵਿੱਚ ਜੰਮੇ ਬੱਚਿਆਂ ਦੀ ਨਾਗਰਿਕਤਾ ਸਬੰਧੀ ਵੀ ਨਵੇਂ ਪ੍ਰਬੰਧਾਂ ਦਾ ਜ਼ਿਕਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਜਨਮ ਆਧਾਰਿਤ ਨਾਗਰਿਕਤਾ ਦੇ ਮੁੱਦੇ 'ਤੇ ਪਹਿਲਾਂ ਵੀ ਕਾਨੂੰਨੀ ਵਿਵਾਦ ਹੋ ਚੁੱਕੇ ਹਨ। ਟਰੰਪ ਪ੍ਰਸ਼ਾਸਨ ਦੇ ਪਿਛਲੇ ਯਤਨਾਂ ਨੂੰ ਅਦਾਲਤਾਂ ਵਿੱਚ ਚੁਣੌਤੀ ਮਿਲੀ ਸੀ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਸੀ। ਟਰੰਪ ਦਾ ਕਹਿਣਾ ਹੈ ਕਿ ਨਵੇਂ ਹੁਕਮ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਹਨ, ਹਾਲਾਂਕਿ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਹੁਕਮਾਂ ਨੂੰ ਵੀ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।