ਭਾਰਤ ਦੇ 114 ਰਾਫਾਲ ਜਹਾਜ਼ਾਂ ਦੇ ਪ੍ਰਸਤਾਵ 'ਤੇ ਫਰਾਂਸ ਨੇ ਭੇਜੀ ਤਕਨੀਕੀ ਤੇ ਵਪਾਰਕ ਪੇਸ਼ਕਸ਼

ਨਵੀਂ ਦਿੱਲੀ: ਭਾਰਤ ਲਈ 114 ਨਵੇਂ ਰਾਫਾਲ ਲੜਾਕੂ ਜਹਾਜ਼ਾਂ ਦੀ ਸੰਭਾਵਿਤ ਖਰੀਦ ਨੂੰ ਲੈ ਕੇ ਫਰਾਂਸ ਦੀ ਜਹਾਜ਼ ਨਿਰਮਾਤਾ ਕੰਪਨੀ ਦਾਸੋ ਐਵੀਏਸ਼ਨ ਨੇ ਆਪਣੀ ਤਕਨੀਕੀ ਅਤੇ ਵਪਾਰਕ ਪੇਸ਼ਕਸ਼ ਭਾਰਤ ਸਰਕਾਰ ਨੂੰ ਸੌਂਪ ਦਿੱਤੀ ਹੈ। ਇਸ ਪੇਸ਼ਕਸ਼ ਵਿੱਚ ਭਾਰਤ ਵਿੱਚ ਹੀ ਰਾਫਾਲ ਜਹਾਜ਼ਾਂ ਦਾ ਉਤਪਾਦਨ ਕਰਨ ਅਤੇ ਤਕਨਾਲੋਜੀ ਦੇ ਤਬਾਦਲੇ (Technology Transfer) ਦੀ ਯੋਜਨਾ ਵੀ ਸ਼ਾਮਲ ਹੈ।
ਭਾਰਤ ਨੇ ਇਸ ਸਾਲ ਮਈ ਮਹੀਨੇ ਵਿੱਚ 114 ਰਾਫਾਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਫਰਾਂਸ ਨੂੰ ਰਸਮੀ ਬੇਨਤੀ ਭੇਜੀ ਸੀ। ਇਹ ਸੌਦਾ ਭਾਰਤੀ ਹਵਾਈ ਫੌਜ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।
ਪ੍ਰਸਤਾਵਿਤ ਯੋਜਨਾ ਅਨੁਸਾਰ ਰਾਫਾਲ ਜਹਾਜ਼ਾਂ ਦਾ ਨਿਰਮਾਣ 'ਮੇਕ ਇਨ ਇੰਡੀਆ' ਮੁਹਿੰਮ ਤਹਿਤ ਕੀਤਾ ਜਾਵੇਗਾ। ਇਸ ਲਈ ਦਾਸੋ ਐਵੀਏਸ਼ਨ ਇੱਕ ਭਾਰਤੀ ਕੰਪਨੀ ਨਾਲ ਸਾਂਝੇਦਾਰੀ ਵਿੱਚ ਕੰਮ ਕਰੇਗੀ, ਜਿਸ ਨਾਲ ਦੇਸ਼ ਵਿੱਚ ਰੱਖਿਆ ਖੇਤਰ ਦੇ ਉਤਪਾਦਨ ਅਤੇ ਤਕਨੀਕੀ ਸਮਰੱਥਾ ਨੂੰ ਵੀ ਉਤਸ਼ਾਹ ਮਿਲਣ ਦੀ ਉਮੀਦ ਹੈ।
ਸੂਤਰਾਂ ਅਨੁਸਾਰ ਭਾਰਤ ਨੇ ਇਸ ਸੌਦੇ ਲਈ ਕੁਝ ਅਹਿਮ ਸ਼ਰਤਾਂ ਵੀ ਰੱਖੀਆਂ ਹਨ, ਜਿਨ੍ਹਾਂ ਵਿੱਚ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਅਤੇ ਭਾਰਤੀ ਡਾਟਾ ਲਿੰਕ ਨੂੰ ਜਹਾਜ਼ਾਂ ਨਾਲ ਜੋੜਨ ਦੀ ਮੰਗ ਸ਼ਾਮਲ ਹੈ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਮੁੱਦਿਆਂ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਅਗਲੇ ਪੜਾਅ ਵਿੱਚ ਦਾਖਲ ਹੋਣ ਨਾਲ ਇਸ ਮਹੱਤਵਪੂਰਨ ਰੱਖਿਆ ਸੌਦੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।