ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ, ਬਿਨਾਂ ਮਨਜ਼ੂਰੀ ਪ੍ਰਸਾਰਣ ਮਨਜ਼ੂਰ ਨਹੀਂ: ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨਾਲ ਸਬੰਧਤ ਸਾਰੇ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਰਾਖਵੇਂ ਹਨ ਅਤੇ ਕੋਈ ਵੀ ਟੀਵੀ ਜਾਂ ਡਿਜ਼ੀਟਲ ਚੈਨਲ ਬਿਨਾਂ ਅਧਿਕਾਰਤ ਮਨਜ਼ੂਰੀ ਇਸ ਦਾ ਪ੍ਰਸਾਰਣ ਨਹੀਂ ਕਰ ਸਕਦਾ।

ਪ੍ਰੈੱਸ ਕਾਨਫਰੰਸ ਦੌਰਾਨ ਧਾਮੀ ਨੇ ਦੱਸਿਆ ਕਿ ਜੀ.ਟੀ.ਸੀ. ਚੈਨਲ ਦੇ ਪ੍ਰਬੰਧਕ ਵੱਲੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਯੂਟਿਊਬ ਚੈਨਲ ਤੋਂ ਲਿੰਕ ਲੈ ਕੇ ਆਪਣੇ ਪਲੇਟਫਾਰਮ 'ਤੇ ਗੁਰਬਾਣੀ ਪ੍ਰਸਾਰਿਤ ਕਰਨ ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਈ-ਮੇਲ ਰਾਹੀਂ ਸਿਰਫ਼ ਸੂਚਨਾ ਦਿੱਤੀ ਗਈ, ਜਿਸ ਨੂੰ ਧਾਮੀ ਨੇ ਨਿਯਮਾਂ ਦੀ ਉਲੰਘਣਾ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਸੂਚਨਾ ਦੇਣ ਨਾਲ ਪ੍ਰਸਾਰਣ ਦੀ ਇਜਾਜ਼ਤ ਨਹੀਂ ਮੰਨੀ ਜਾ ਸਕਦੀ।

ਉਨ੍ਹਾਂ ਜੀ.ਟੀ.ਸੀ. ਚੈਨਲ ਨੂੰ ਬਿਨਾਂ ਮਨਜ਼ੂਰੀ ਚਲਾਇਆ ਜਾ ਰਿਹਾ ਗੁਰਬਾਣੀ ਪ੍ਰਸਾਰਣ ਤੁਰੰਤ ਬੰਦ ਕਰਨ ਲਈ ਕਿਹਾ ਅਤੇ ਦੁਹਰਾਇਆ ਕਿ ਇਸ ਸਬੰਧੀ ਸਾਰੇ ਫ਼ੈਸਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

ਧਾਮੀ ਨੇ ਇਹ ਵੀ ਦੱਸਿਆ ਕਿ ਪੀ.ਟੀ.ਸੀ. ਚੈਨਲ ਨਾਲ ਗੁਰਬਾਣੀ ਪ੍ਰਸਾਰਣ ਸਬੰਧੀ ਸਮਝੌਤਾ ਸਾਲ 2023 ਵਿੱਚ ਸਮਾਪਤ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਆਪਣਾ ਡਿਜ਼ੀਟਲ ਪ੍ਰਸਾਰਣ ਪਲੇਟਫਾਰਮ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਲਈ ਬਣਾਈ ਗਈ ਸਬ-ਕਮੇਟੀ ਨੇ ਵੈੱਬ ਚੈਨਲ ਸਥਾਪਤ ਕਰਨ ਦੀ ਸਿਫ਼ਾਰਸ਼ ਕੀਤੀ ਅਤੇ ਤਕਨੀਕੀ ਢਾਂਚੇ ਲਈ ਵੱਖ-ਵੱਖ ਕੰਪਨੀਆਂ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਬਾਅਦ ਵਿੱਚ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਪੀ.ਟੀ.ਸੀ. ਨੂੰ ਕੇਵਲ ਸੈਟੇਲਾਈਟ ਰਾਹੀਂ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਸਹਿਮਤੀ ਦਿੱਤੀ ਗਈ ਸੀ, ਜਦਕਿ ਪ੍ਰਸਾਰਣ ਨਾਲ ਸਬੰਧਤ ਸਾਰੇ ਮਾਲਕੀ ਅਤੇ ਪ੍ਰਬੰਧਕੀ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹੀ ਰਾਖਵੇਂ ਰੱਖੇ ਗਏ ਹਨ।