ਮੋਹਾਲੀ ਤੋਂ ਸ਼ੁਰੂ ਹੋਇਆ ‘ਹਮਾਰੇ ਰਾਮ’ ਦਾ ਸੂਬਾ ਪੱਧਰੀ ਸਫ਼ਰ, ਪੰਜਾਬ ਦੇ 12 ਸ਼ਹਿਰਾਂ ’ਚ ਹੋਣਗੇ 41 ਮੁਫ਼ਤ ਸ਼ੋਅ

ਮੋਹਾਲੀ: ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੱਭਿਆਚਾਰਕ ਵਿਰਾਸਤ ਅਤੇ ਰਵਾਇਤੀ ਕਦਰਾਂ-ਕੀਮਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਸਿੱਧ ਨਾਟਕ &lsquoਹਮਾਰੇ ਰਾਮ&rsquo ਦੇ ਸੂਬਾ ਪੱਧਰੀ ਮੰਚਨ ਦੀ ਸ਼ੁਰੂਆਤ ਮੋਹਾਲੀ ਤੋਂ ਕੀਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲੇ ਸ਼ੋਅ ਦੌਰਾਨ ਦਰਸ਼ਕਾਂ ਨਾਲ ਬੈਠ ਕੇ ਨਾਟਕ ਦਾ ਆਨੰਦ ਮਾਣਿਆ।

ਨਾਟਕ ਵਿੱਚ ਮਸ਼ਹੂਰ ਅਦਾਕਾਰ ਆਸ਼ੂਤੋਸ਼ ਰਾਣਾ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਇਸ ਪੇਸ਼ਕਾਰੀ ਦਾ ਮੁੱਖ ਆਕਰਸ਼ਣ ਦੱਸਿਆ ਗਿਆ। ਸਰਕਾਰ ਮੁਤਾਬਕ ਨਾਟਕ ਰਾਹੀਂ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਰਾਮਾਇਣ ਨਾਲ ਜੁੜੇ ਸੰਦੇਸ਼ਾਂ ਨੂੰ ਥੀਏਟਰ ਦੇ ਪ੍ਰਭਾਵਸ਼ਾਲੀ ਮਾਧਿਅਮ ਰਾਹੀਂ ਦਰਸ਼ਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਸਤ ਅਤੇ ਸਤੰਬਰ ਦੌਰਾਨ 12 ਸ਼ਹਿਰਾਂ ਵਿੱਚ &lsquoਹਮਾਰੇ ਰਾਮ&rsquo ਦੇ ਕੁੱਲ 41 ਸ਼ੋਅ ਕਰਵਾਏ ਜਾਣਗੇ। ਇਨ੍ਹਾਂ ਸਾਰਿਆਂ ਦੀ ਐਂਟਰੀ ਮੁਫ਼ਤ ਰੱਖੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨਾਟਕ ਨੂੰ ਦੇਖ ਸਕਣ।

ਸਰਕਾਰੀ ਪ੍ਰੋਗਰਾਮ ਅਨੁਸਾਰ ਨਾਟਕ ਦੇ ਸ਼ੋਅ ਮੋਹਾਲੀ, ਬਠਿੰਡਾ, ਜਲੰਧਰ, ਫਿਰੋਜ਼ਪੁਰ, ਹੁਸ਼ਿਆਰਪੁਰ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ ਅਤੇ ਖੰਨਾ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਆਪਣੀ ਵਿਲੱਖਣ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਲਈ ਜਾਣੀ ਜਾਂਦੀ ਹੈ। &lsquoਹਮਾਰੇ ਰਾਮ&rsquo ਵਰਗੀਆਂ ਪੇਸ਼ਕਾਰੀਆਂ ਰਾਹੀਂ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਅਨੁਸਾਰ ਨਾਟਕ ਵਿੱਚ ਰਾਮਾਇਣ ਦੀ ਕਹਾਣੀ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਦਰਸ਼ਕਾਂ ਨੂੰ ਇਸ ਮਹਾਂਕਾਵਿ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੇਸ਼ਕਾਰੀ ਨੂੰ ਦੇਸ਼-ਵਿਦੇਸ਼ ਵਿੱਚ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।