ਕੁੱਟਮਾਰ ਤੋਂ ਬਾਅਦ ਗੁਰਸਿਮਰਨ ਸਿੰਘ ਮੰਡ ਦਾ ਪਹਿਲਾ ਬਿਆਨ, ਕਿਹਾ—‘ਮੇਰੇ ਦੰਦ ਵੀ ਤੋੜ ਦਿੱਤੇ, ਮੈਂ ਕਿਸੇ ਤੋਂ ਡਰਨ ਵਾਲਾ ਨਹੀਂ’

ਅੰਬਾਲਾ: ਪੰਜੋਖਰਾ ਸਾਹਿਬ ਨੇੜੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕਥਿਤ ਕੁੱਟਮਾਰ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਮੰਡ ਨੇ ਦਾਅਵਾ ਕੀਤਾ ਕਿ ਹਮਲੇ ਦੌਰਾਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਨ੍ਹਾਂ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ।

ਮੰਡ ਮੁਤਾਬਕ ਘਟਨਾ ਸਮੇਂ ਮੌਕੇ &rsquoਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਸਨ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਗੁਰੂ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਹ ਆਪਣੀ ਗੱਡੀ ਵਿੱਚ ਬੈਠੇ ਹੋਏ ਸਨ, ਜਦੋਂ ਕੁਝ ਲੋਕਾਂ ਵੱਲੋਂ ਇੱਟਾਂ ਨਾਲ ਉਨ੍ਹਾਂ ਦੀ ਕਾਰ &rsquoਤੇ ਹਮਲਾ ਕੀਤਾ ਗਿਆ।

ਉਨ੍ਹਾਂ ਦਾਅਵਾ ਕੀਤਾ ਕਿ ਹਮਲੇ ਦੌਰਾਨ ਉਨ੍ਹਾਂ ਦੇ ਦੰਦ ਵੀ ਟੁੱਟ ਗਏ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਮੰਡ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਡਰਨ ਵਾਲੇ ਨਹੀਂ ਹਨ ਅਤੇ ਕਾਨੂੰਨੀ ਤੌਰ &rsquoਤੇ ਆਪਣੀ ਲੜਾਈ ਜਾਰੀ ਰੱਖਣ ਦੀ ਗੱਲ ਕਹੀ।

ਆਪਣੇ ਬਿਆਨ ਵਿੱਚ ਮੰਡ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਅਤੇ RSS ਦੇ ਹੱਕ ਵਿੱਚ ਬੋਲਣ ਕਾਰਨ ਉਨ੍ਹਾਂ ਨਾਲ ਇਹ ਵਰਤਾਅ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕੌਮ ਜਾਂ ਦੇਸ਼ ਬਾਰੇ ਆਪਣੀ ਗੱਲ ਰੱਖਣਾ ਗਲਤ ਹੈ ਤਾਂ ਉਨ੍ਹਾਂ ਨੂੰ ਇੱਛਾ ਮੌਤ ਦੇ ਦਿੱਤੀ ਜਾਵੇ।

ਮੰਡ ਨੇ ਘਟਨਾ ਦੌਰਾਨ ਉਨ੍ਹਾਂ ਨੂੰ ਸੁਰੱਖਿਆ ਦੇਣ ਲਈ ਹਰਿਆਣਾ ਪੁਲਿਸ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਦੱਸਿਆ ਕਿ ਮੌਕੇ &rsquoਤੇ ਉਨ੍ਹਾਂ ਦੇ ਨਾਲ ਕੁਝ ਹੋਰ ਲੋਕ ਸਨ, ਜਦਕਿ ਸਾਹਮਣੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਗੁਰਸਿਮਰਨ ਸਿੰਘ ਮੰਡ ਨਾਲ ਕਥਿਤ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਸੀ। ਘਟਨਾ ਵਿੱਚ ਉਨ੍ਹਾਂ ਦੇ ਜ਼ਖਮੀ ਹੋਣ ਦੇ ਨਾਲ-ਨਾਲ ਉਨ੍ਹਾਂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ।