ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਵਿਵਾਦ, ਨਿੱਜੀ ਚੈਨਲ ਨੇ SGPC ਤੋਂ ਪ੍ਰਵਾਨਗੀ ਦੀ ਕੀਤੀ ਅਪੀਲ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੱਕ ਨਿੱਜੀ ਚੈਨਲ ਵਿਚਾਲੇ ਵਿਵਾਦ ਸਾਹਮਣੇ ਆ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਮਨਜ਼ੂਰੀ ਕਿਸੇ ਨਿੱਜੀ ਚੈਨਲ ਨੂੰ ਸਿੱਧਾ ਪ੍ਰਸਾਰਨ ਕਰਨ ਤੋਂ ਰੋਕਿਆ ਗਿਆ ਹੈ, ਜਦਕਿ ਜੀਟੀਸੀ ਚੈਨਲ ਵੱਲੋਂ ਪ੍ਰਸਾਰਨ ਜਾਰੀ ਰੱਖਣ ਦੀ ਗੱਲ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਚੈਨਲ ਪ੍ਰਬੰਧਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਸ਼ਰਧਾਲੂਆਂ ਦੀ ਮੰਗ ਅਤੇ ਇੱਛਾ ਨੂੰ ਦੇਖਦਿਆਂ ਉਨ੍ਹਾਂ ਨੂੰ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਲਈ ਲੋੜੀਂਦੀ ਪ੍ਰਵਾਨਗੀ ਦਿੱਤੀ ਜਾਵੇ। ਚੈਨਲ ਵੱਲੋਂ ਆਪਣੀ ਅਪੀਲ ਵਿੱਚ ਇਸ ਮਾਮਲੇ ਨੂੰ ਭਾਵਨਾਤਮਕ ਤੌਰ &rsquoਤੇ ਵੀ ਰੱਖਿਆ ਗਿਆ ਹੈ।

ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਨ ਸਬੰਧੀ ਅਧਿਕਾਰ ਸ਼੍ਰੋਮਣੀ ਕਮੇਟੀ ਕੋਲ ਹਨ। ਉਨ੍ਹਾਂ ਕਿਹਾ ਸੀ ਕਿ ਬਿਨਾਂ ਮਨਜ਼ੂਰੀ ਕਿਸੇ ਨਿੱਜੀ ਚੈਨਲ ਵੱਲੋਂ ਪ੍ਰਸਾਰਨ ਕਰਨਾ ਮਨਜ਼ੂਰ ਨਹੀਂ ਹੋਵੇਗਾ ਅਤੇ ਨਿਯਮਾਂ ਦੀ ਉਲੰਘਣਾ ਹੋਣ &rsquoਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਨਿੱਜੀ ਚੈਨਲ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦੇ ਬਾਵਜੂਦ ਚੈਨਲ ਵੱਲੋਂ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਨ ਜਾਰੀ ਰੱਖਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਹੁਣ ਨਿੱਜੀ ਚੈਨਲ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸ਼ਰਧਾਲੂਆਂ ਤੱਕ ਗੁਰਬਾਣੀ ਦਾ ਪ੍ਰਸਾਰਨ ਪਹੁੰਚਾਉਣ ਲਈ ਉਨ੍ਹਾਂ ਨੂੰ ਲੋੜੀਂਦੀ ਇਜਾਜ਼ਤ ਦਿੱਤੀ ਜਾਵੇ। ਮਾਮਲੇ ਵਿੱਚ ਅਗਲਾ ਫੈਸਲਾ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਜਾਣਾ ਹੈ।