image caption:

ਬੁਲਗਾਰੀਆ ਦੀ ਮੁੱਕੇਬਾਜ਼ ਦਾ ਮਾਨਤਾ ਕਾਰਡ ਖੋਹਿਆ ਗਿਆ

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ ਸੋਨੀਆ ਦੇ ਖਿਲਾਫ ਮੁਕਾਬਲੇ ਵਿੱਚ ਹਾਰਨ ਪਿੱਛੋਂ ਜੱਜਾਂ 'ਤੇ ਭਿ੍ਰਸ਼ਟ ਹੋਣ ਦਾ ਦੋਸ਼ ਲਾਉਣ ਵਾਲੇ ਬੁਲਗਾਰੀਆ ਦੇ ਕੋਚ ਪੀਟਰ ਯਾਸੀਫੋਵ ਲੇਸੋਵ ਦਾ ਏਕ੍ਰੀਡੇਸ਼ਨ ਖੋਹਣ ਤੋਂ ਇਕ ਦਿਨ ਪਿੱਛੋਂ ਕੱਲ੍ਹ ਅੰਤਰਰਾਸ਼ਟਰੀ ਮੁੱਕੇਬਾਜ਼ੀ ਐਸੋਸੀਏਸ਼ਨ (ਏ ਆਈ ਬੀ ਏ) ਨੇ ਖੇਡ ਭਾਵਨਾ ਦੇ ਉਲਟ ਵਤੀਰੇ ਕਾਰਨ ਮੁੱਕੇਬਾਜ਼ ਸਟੈਨੀਮੀਰਾ ਦਾ ਏਕ੍ਰੀਡੇਸ਼ਨ ਵੀ ਵਾਪਸ ਲੈ ਲਿਆ ਹੈ।
ਵਰਨਣ ਯੋਗ ਹੈ ਕਿ ਭਾਰਤੀ ਮੁੱਕੇਬਾਜ਼ ਸੋਨੀਆ ਦੇ ਖਿਲਾਫ ਵਿਸ਼ਵ ਚੈਂਪੀਅਨਸ਼ਿਪ ਦਾ ਮੁਕਾਬਲਾ 2-3 ਨਾਲ ਹਾਰਨ ਤੋਂ ਬਾਅਦ ਪੇਟ੍ਰੋਵਾ ਸਟੈਨੀਮੀਰਾ ਨੇ ਜੱਜਾਂ ਉਤੇ ਭਿ੍ਰਸ਼ਟ ਹੋਣ ਦਾ ਦੋਸ਼ ਲਾਇਆ ਸੀ, ਜਿਸ ਤੋਂ ਬਾਅਦ ਏ ਆਈ ਬੀ ਏ ਨੇ ਬੁਲਗਾਰੀਆ ਦੀ ਟੀਮ ਦੇ ਕੋਚ ਪੀਟਰ ਨੂੰ ਰਿੰਗ ਤੋਂ ਦੂਰ ਕਰ ਦਿੱਤਾ ਸੀ। ਇਸ ਸੰਬੰਧ ਵਿੱਚ ਕੱਲ੍ਹ ਏ ਆਈ ਬੀ ਏ ਦੇ ਕਾਰਜਕਾਰੀ ਡਾਇਰੈਕਟਰ ਟਾਮ ਵਿਰਗੇਟਸ ਨੇ ਕਿਹਾ ਕਿ ਬੁਲਗਾਰੀਆ ਦੀ ਮੁੱਕੇਬਾਜ਼ ਪ੍ਰੇਟੋਵਾ ਸਟੈਨੀਮੀਰਾ ਨੇ ਇਸ ਟੂਰਨਾਮੈਂਟ ਦੌਰਾਨ ਇਤਰਾਜ਼ਯੋਗ ਵਤੀਰਾ ਕੀਤਾ। ਉਨ੍ਹਾਂ ਨੇ ਏ ਆਈ ਬੀ ਏ ਅਧਿਕਾਰੀਆਂ ਦੇ ਖਿਲਾਫ ਝੂਠੇ ਤੇ ਗੁਮਰਾਹ ਕਰਨ ਵਾਲੇ ਬਿਆਨ ਦਿੱਤੇ। ਇਸ ਨਾਲ ਉਨ੍ਹਾਂ ਨੇ ਵਿਰੋਧੀ, ਜੱਜਾਂ, ਰੈਫਰੀ, ਟੂਰਨਾਮੈਂਟ ਦੇ ਪ੍ਰਬੰਧਕਾਂ ਅਤੇ ਏ ਆਈ ਬੀ ਏ ਦੀ ਬੇਇੱਜ਼ਤੀ ਕੀਤੀ ਹੈ। ਬਦਕਿਸਮਤੀ ਨਾਲ ਉਨ੍ਹਾਂ ਦੇ ਇਸ ਐਕਸ਼ਨ ਵਿੱਚ ਉਨ੍ਹਾਂ ਦੇ ਕੋਚ ਦਾ ਅਕਸ ਦਿਖਾਈ ਦਿੰਦਾ ਹੈ, ਜਿਨ੍ਹਾਂ ਨੇ ਖੇਡ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਪ੍ਰੇਟੋਵਾ ਵਿਰੋਧੀ ਨਤੀਜੇ ਤੋਂ ਖੁਸ਼ ਨਹੀਂ ਸੀ ਤੇ ਉਨ੍ਹਾਂ ਨੇ ਰਿੰਗ 'ਚੋਂ ਬਾਹਰ ਆ ਕੇ ਕਿਹਾ ਸੀ ਕਿ ਮੈਂ ਇਸ ਫੈਸਲੇ ਨਾਲ ਬਿਲਕੁਲ ਖੁਸ਼ ਨਹੀਂ ਹਾਂ, ਜੱਜ ਧੋਖਾ ਕਰ ਰਹੇ ਹਨ, ਇਹ ਨਤੀਜਾ ਸਹੀ ਨਹੀਂ ਹੈ। ਪੇਟ੍ਰੋਵਾ ਦੇ ਕੋਚ ਨੇ ਰੈਫਰੀ ਦੇ ਫੈਸਲੇ 'ਤੇ ਇਤਰਾਜ਼ ਜ਼ਾਹਿਰ ਕੀਤਾ ਸੀ।