image caption: (ਲੇਖਕ - ਨਿਰਮਲ ਸਿੰਘ ਕੰਧਾਲਵੀ

ਚੁੰਝਾਂ ਪੌਂਹਚੇ (ਲੇਖਕ - ਨਿਰਮਲ ਸਿੰਘ ਕੰਧਾਲਵੀ

* ਸੰਗਰੂਰ ਤੋਂ ਲੋਕ ਸਭਾ ਚੋਣ ਲੜਨਗੇ ਸਿਮਰਨਜੀਤ ਸਿੰਘ ਮਾਨ &ndashਇਕ ਖ਼ਬਰ
- ਘੱਲਿਆ ਸੀ ਮੈਂ ਮਹੀਂ ਖ਼ਰੀਦਣ, ਖ਼ਰੀਦ ਲਿਆਇਆ ਝੋਟਾ, ਖ਼ਸਮਾਂ ਨੂੰ ਖਾਣੇ ਦਾ ਛੱਪੜੀ ਵਿਚ ਖਲੋਤਾ।

* ਬੇਅਦਬੀ ਮਾਮਲਿਆਂ 'ਚ ਐਸ.ਆਈ.ਟੀ. ਦੀ ਜਾਂਚ ਤੋਂ ਧਿਆਨ ਹਟਾਉਣ ਦੀਆਂ ਕੋਸ਼ਿਸ਼ਾਂ ਨਾ ਕਰਨ ਬਾਦਲ- ਅਮਰਿੰਦਰ ਸਿੰਘ
- ਉਹਨੇ ਤਖਤੋ ਬਖਤੋ ਬੰਨ੍ਹ ਲਈਆਂ, ਪਾ ਲਈਆਂ ਲਾਹੌਰ ਦੇ ਰਾਹ।

* ਸਰਕਾਰ ਬਣਨ ਦੇ ਦਸ ਦਿਨਾਂ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਵੇਗਾ- ਰਾਹੁਲ ਗਾਂਧੀ
- ਤੈਨੂੰ ਬਾਜਰੇ ਤੋਂ ਘੱਗਰਾ ਸੰਵਾ ਦਊਂ, ਜਿਗਰਾ ਤੂੰ ਰੱਖ ਗੋਰੀਏ।

* ਬਾਦਲਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲਾਂ 'ਚ ਘਿਰਿਆ- ਇਕ ਖ਼ਬਰ
- ਮਾਉਂ ਹੀਰ ਥੀਂ ਲੋਕ ਕਰਨ ਚੁਗਲੀ, ਤੇਰੀ ਮਲਕੀਏ ਧੀ ਖ਼ਰਾਬ ਹੈ ਨੀਂ।

* ਬਾਦਲ ਦੱਸਣ ਕਿ ਗੋਲ਼ੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ- ਜਾਖੜ
- ਤੇਰੀ ਤੋੜ ਕੇ ਛੱਡਣਗੇ ਗਾਨੀ, ਵੱਸ ਪੈ ਗਈ ਅੜ੍ਹਬਾਂ ਦੇ।

* ਅਰੂਸਾ ਦੇ ਆਲਮ ਅੱਗੇ ਕੇਂਦਰੀ ਗ੍ਰਹਿ ਮੰਤਰਾਲਾ ਖ਼ਾਮੋਸ਼- ਇਕ ਖ਼ਬਰ
- ਪੱਤਣੋਂ ਪਾਰ ਲੰਘਣਾ, ਮੈਨੂੰ ਯਾਰ ਉਡੀਕੇ ਖੜ੍ਹ ਕੇ।

* ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਨੇ ਲਗਾਈ ਸੀ.ਬੀ.ਆਈ. 'ਤੇ ਪਾਬੰਦੀ- ਇਕ ਖ਼ਬਰ
- ਜੱਗ ਭਾਵੇਂ ਨਿੰਦਿਆ ਕਰੇ, ਸੱਸ ਪਿੱਟਣੀ ਪੰਜੇਬਾਂ ਪਾ ਕੇ।

* ਪਰਧਾਨ ਮੰਤਰੀ ਅੱਜ ਕਲ ਆਪਣੇ ਭਾਸ਼ਨ ਵਿਚ ਭ੍ਰਿਸ਼ਟਾਚਾਰ ਦਾ ਜ਼ਿਕਰ ਨਹੀਂ ਕਰਦੇ- ਰਾਹੁਲ ਗਾਂਧੀ
- ਫੈਸ਼ਨ ਬੇਗੋ ਦੇ, ਮਨ ਮਰਜ਼ੀ ਦੇ ਹੋਣੇ।

* ਡਾਕਟਰ ਗਾਂਧੀ ਨੇ ਨਵੇਂ ਤੇ ਖ਼ੁਦ ਮੁਖ਼ਤਾਰ ਪੰਜਾਬ ਦਾ ਹੋਕਾ ਦਿੱਤਾ- ਇਕ ਖ਼ਬਰ
- ਫਰਦ ਫ਼ਕੀਰ ਹੋਇਆ ਕੋਈ ਖਾਸਾ, ਮਰਦ ਸਫ਼ਾਈ ਵਾਲ਼ਾ।

* ਬਾਦਲ ਜੀ ਤੁਹਾਡੀ ਸਰਕਾਰ ਵੇਲੇ ਮੈਨੂੰ ਵੀ ਸੰਮਨ ਕਰ ਕੇ ਸਰਕਟ ਹਾਊਸ 'ਚ ਪੁੱਛ-ਗਿੱਛ ਕੀਤੀ ਗਈ ਸੀ- ਕੈਪਟਨ
- ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ।

* ਡੇਰਾ ਬਿਆਸ ਮੁਖੀ ਨੇ ਦਾਦੂਵਾਲ ਨਾਲ ਕੀਤੀ ਵਿਚਾਰ ਚਰਚਾ-ਇਕ ਖ਼ਬਰ
- ਖੂਹ ਟੋਭੇ ਤੇਰੀ ਚਰਚਾ ਹੁੰਦੀ, ਚਰਚਾ ਨਾ ਕਰਵਾਈਏ।

* ਸ਼੍ਰੋਮਣੀ ਕਮੇਟੀ ਇਜਲਾਸ 'ਚ ਬੀਬੀ ਕਿਰਨਜੋਤ ਕੌਰ ਨੂੰ ਬੋਲਣ ਤੋਂ ਰੋਕਣਾ ਬਾਦਲ ਦਲ ਦਾ ਹੰਕਾਰ- ਸਰਨਾ
- ਰੱਬ ਚਾੜ੍ਹ ਪਹਾੜ ਤੋਂ ਡੇਗ ਦਿੰਦਾ, ਕਰੀਏ ਗਰਬ ਨਾ ਵੱਡੇ ਇਕਬਾਲ ਦਾ ਜੀ।

* ਭਾਜਪਾ ਤੇ ਆਰ.ਐੱਸ.ਐੱਸ ਘੱਟ ਗਿਣਤੀਆਂ ਨੂੰ ਦਬਾਉਣ ਲਈ ਹਰ ਹੀਲਾ ਵਰਤ ਰਹੀਆਂ ਹਨ-ਭੋਮਾ/ਜੰਮੂ
- ਕੰਧਾਂ ਕਾਲ਼ੀਆਂ ਸ਼ਹਿਰ ਹੜਤਾਲ ਹੋਈ, ਧੁੰਦੂਕਾਰ ਜ਼ਮੀਂ ਆਸਮਾਨ ਹੋਇਆ।

* ਬੇਅਦਬੀ ਘਟਨਾਵਾਂ: ਬਾਦਲਾਂ 'ਤੇ ਕੇਸ ਦਰਜ ਕਰ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ - ਸਿੱਖ ਬੁੱਧੀਜੀਵੀ
- ਬੰਨ੍ਹ ਮੁਸ਼ਕਾਂ ਲੈ ਜਾਉ ਛੇਤੀ, ਤੇ ਜਲਦੀ ਕਰੋ ਹਲਾਲ।

* ਜਬਰ ਜਨਾਹ ਕਰਨ ਵਾਲੇ ਪਾਦਰੀ ਦਾ ਕੱਟਿਆ ਪ੍ਰਾਈਵੇਟ ਪਾਰਟ - ਇਕ ਖ਼ਬਰ
- ਨਾ ਰਹੇ ਬਾਂਸ, ਨਾ ਵੱਜੇ ਬੰਸਰੀ।

(ਲੇਖਕ - ਨਿਰਮਲ ਸਿੰਘ ਕੰਧਾਲਵੀ