image caption:

48 ਘੰਟਿਆਂ 'ਚ ਭਗਵੰਤ ਮਾਨ ਸ਼ਰਤ ਮੰਨੇ ਤਾਂ ਸੀਟ ਛੱਡਣ ਲਈ ਤਿਆਰ : ਜੱਸੀ ਜਸਰਾਜ

ਚੰਡੀਗੜ੍ਹ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਕਿਸੇ ਵੇਲੇ ਉਨ੍ਹਾਂ ਦੇ ਹੀ ਸਾਥੀ ਰਹੇ ਜੱਸੀ ਜਸਰਾਜ ਨੇ ਚੁਣੌਤੀ ਦਿੱਤੀ ਹੈ। ਪੰਜਾਬ ਡੈਮੋਕਰੈਟਿਕ ਅਲਾਇੰਸ (ਪੀਡੀਏ) ਵੱਲੋਂ ਜੱਸੀ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਥਾਪੇ ਜਾਣ ਮਗਰੋਂ ਉਨ੍ਹਾਂ ਨੇ ਪਿੱਛੇ ਹਟਣ ਲਈ ਭਗਵੰਤ ਮਾਨ ਅੱਗੇ ਸ਼ਰਤ ਰੱਖੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਭਗਵੰਤ ਮਾਨ 48 ਘੰਟਿਆਂ ਵਿੱਚ ਪਿਛਲੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕਰਦੇ ਹਨ ਤਾਂ ਉਹ ਸੰਗਰੂਰ ਦੀ ਸੀਟ ਛੱਡਣ ਨੂੰ ਤਿਆਰ ਹਨ।

ਜੱਸੀ ਨੇ ਆਮ ਆਦਮੀ ਪਾਰਟੀ &rsquoਤੇ ਇਲਜ਼ਾਮ ਲਾਇਆ ਕਿ ਉਨ੍ਹਾਂ ਨਾਲ ਵਧੀਕੀ ਕੀਤੀ ਗਈ ਸੀ। ਇਸੇ ਤਰ੍ਹਾਂ ਪਾਰਟੀ ਦੇ ਹੋਰ ਬਾਨੀ ਆਗੂਆਂ ਨਾਲ ਵੀ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਪਾਰਟੀ ਦੇ ਮੁੱਢ ਸਮਝੇ ਜਾਂਦੇ ਕਈ ਲੀਡਰਾਂ ਨੂੰ ਇਸ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਪਾਰਟੀ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਆਵਾਜ਼ ਉਠਾਉਣ ਵਾਲੇ ਪਾਰਟੀ ਲੀਡਰਾਂ ਨੂੰ ਜਦੋਂ ਪਾਰਟੀ ਵਿੱਚੋਂ ਕੱਢਿਆ ਗਿਆ ਤਾਂ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਚੁੱਪ ਰਹੇ।

ਉਨ੍ਹਾਂ ਨੇ ਭਗਵੰਤ ਮਾਨ ਨੂੰ ਇੱਕ ਹੋਰ ਮੌਕਾ ਦਿੰਦਿਆਂ ਆਖਿਆ ਕਿ ਜੇਕਰ ਉਹ 48 ਘੰਟਿਆਂ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕਰਦੇ ਹਨ ਤਾਂ ਉਹ ਸੰਗਰੂਰ ਸੀਟ ਛੱਡਣ ਨੂੰ ਵੀ ਤਿਆਰ ਹਨ। ਉਨ੍ਹਾਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਭਵਿੱਖ ਵਿੱਚ ਕੋਈ ਇਹ ਨਾ ਆਖੇ ਕਿ ਜੱਸੀ ਜਸਰਾਜ ਨੇ ਇੱਕ ਕਲਾਕਾਰ ਖ਼ਿਲਾਫ਼ ਹੀ ਚੋਣ ਲੜੀ ਸੀ।