image caption: ਲੇਖਕ - ਸ਼ੰਗਾਰਾ ਸਿੰਘ ਭੁੱਲਰ

ਚੋਣ ਪਿੜ ਵਿੱਚ ਪਾਰਟੀਆਂ ਕਈ, ਟੱਕਰ ਕਾਂਗਰਸ ਤੇ ਅਕਾਲੀ ਦਲ ਦਰਮਿਆਨ

      ਸਤਾਰਵੀਂ ਲੋਕ ਸਭਾ ਲਈ ਪੰਜਾਬ ਵਿੱਚ ਵੋਟਾਂ ਆਖਰੀ ਅਤੇ ਸੱਤਵੇਂ ਪੜਾਅ ਵਿੱਚ 19 ਮਈ ਨੂੰ ਪੈਣਗੀਆਂ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸ਼ੁਰੂ ਹੋਣ ਤੋਂ ਬਾਅਦ ਸਿਆਸੀ ਧਿਰਾਂ ਨੇ ਆਪਣੇ ਪੂਰੇ ਦੇ ਪੂਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕੁੱਝ ਕੁ ਦਾ ਨਾਂ ਤਾਂ ਕਾਫੀ ਸਮਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਆਪੋ ਆਪਣੇ ਹਲਕਿਆਂ ਵਿੱਚ ਚੋਣ ਸਰਗਰਮੀਆਂ ਸ਼ੁਰੂ ਵੀ ਕਰ ਦਿੱਤੀਆਂ ਹਨ। ਚੋਣ ਪਿੜ ਵਿੱਚ ਭਲੇ ਹੀ ਕਈ ਨਿੱਕੀਆਂ ਵੱਡੀਆਂ ਸਿਆਸੀ ਪਾਰਟੀਆਂ ਉਤਰੀਆਂ ਹੋਈਆਂ ਹਨ। ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੁਕਾਬਲਾ ਪੰਜਾਬ ਦੀਆਂ ਦੋਵਾਂ ਰਿਵਾਇਤੀ ਧਿਰਾਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਹੋਵੇਗਾ। ਇਹ ਦੋਵੇਂ ਪਾਰਟੀਆਂ ਹੀ ਹਨ ਜਿਨ੍ਹਾਂ ਨੇ ਲੋਕ ਸਭਾ ਦੀਆਂ ਤੇਰ੍ਹਾਂ ਦੀਆਂ ਤੇਰ੍ਹਾਂ ਸੀਟਾਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹ ਚੋਣ ਵੀ ਇਕਲੀਆਂ ਹੀ ਲੜ ਰਹੀਆਂ ਹਨ। ਕਾਂਗਰਸ ਦੀ ਕਿਸੇ ਨਾਲ ਭਾਈਵਾਲੀ ਨਹੀਂ। ਹਾਂ, ਸ਼ੋਮਣੀ ਅਕਾਲੀ ਦਲ ਦੀ ਭਾਜਪਾ ਨਾਲ 10 ਅਤੇ 3 ਦੀ ਭਾਈਵਾਲੀ ਹੈ। ਯਾਨੀ 10 ਸੀਟਾਂ 'ਤੇ ਅਕਾਲੀ ਉਮੀਦਵਾਰ ਅਤੇ ਤਿੰਨ ਉਤੇ ਭਾਰਤੀ ਜਨਤਾ ਪਾਰਟੀ ਦੇ। ਹੋਰ ਬਹੁਤੀਆਂ ਪਾਰਟੀਆਂ ਦੇ ਇਕ ਇਕ ਦੋ ਦੋ ਉਮੀਦਵਾਰ ਹਨ ਅਤੇ ਕਿਸੇ ਦਾ ਇਕ ਅੱਧਾ ਇਸ ਤੋਂ ਵੱਧ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਧੜਾ ਅਤੇ ਪੰਜਾਬ ਧੜਾ ਵੀ ਸ਼ਾਮਿਲ ਹਨ। ਡਾ: ਧਰਮਵੀਰ ਗਾਂਧੀ ਦੀ ਪੰਜਾਬ ਏਕਤਾ ਪਾਰਟਂੀ ਹੈ। ਲੁਧਿਆਣੇ ਵਾਲੇ ਬੈਂਸ ਭਰਾਵਾਂ ਦੀ ਆਪਣੀ ਪਾਰਟੀ ਹੈ। ਖੱਬੇ ਪੱਖੀ ਧਿਰਾਂ ਦੇ ਵੀ ਕੁਝ ਉਮੀਦਵਾਰ ਹਨ। ਟਕਸਾਲੀ ਅਕਾਲੀ ਦਲ ਦਾ ਵੀ ਇਕ ਉਮੀਦਵਾਰ ਹੈ। ਕੁੱਲ ਮਿਲਾ ਕੇ ਵੇਖਣ ਨੂੰ ਹਰ ਸੀਟ ਤੋਂ ਮੁਕਾਬਲਾ ਚਹੁਮੁੱਖੀ ਜਾਪਦਾ ਹੈ। 2 ਮਈ ਤੱਕ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਜਾਵੇਗਾ। ਇਸ ਉਪਰੰਤ ਉਮੀਦਵਾਰਾਂ ਨੂੰ 19 ਮਈ ਤੱਕ ਚੋਣ ਪਚਾਰ ਵਿੱਚ ਖੂਬ ਪਸੀਨਾ ਵਹਾਉਣਾ ਪਵੇਗਾ। ਮਈ ਸਿਖਰ ਗਰਮੀ ਦਾ ਮਹੀਨਾ ਹੈ ਪਰ ਇਹ ਕੁਰਸੀ ਯੁੱਧ ਹੈ। ਇਸ ਲਈ ਇਹ ਸਭ ਕਰਨਾ ਹੀ ਪੈਣਾ ਹੈ।

 ਪੰਜਾਬ ਦੀ ਸਿਆਸਤ 'ਤੇ ਝਾਤੀ ਮਾਰਿਆਂ ਪਹਿਲੀ ਗੱਲ ਤਾਂ ਸਪੱਸ਼ਟ ਹੁੰਦੀ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਚੋਣਾਂ ਲਈ ਸੰਭਾਵੀ ਜੇਤੂ ਉਮੀਦਵਾਰ ਲੱਭਣ ਵਿੱਚ ਮੁਸ਼ਕਿਲ ਪੇਸ਼ ਆਈ। ਦੋਹਾਂ ਧਿਰਾਂ ਨੇ ਆਪਣੇ ਕੁਝ ਵਿਧਾਇਕ ਹੀ ਚੋਣ ਮੈਦਾਨ ਵਿੱਚ ਉਤਾਰ ਦਿੱਤੇ। ਵਿਧਾਇਕਾਂ ਦੀ ਗਿਣਤੀ ਪੌਣੀ ਦਰਜਨ ਦੇ ਨੇੜੇ ਤੇੜੇ ਹੈ। ਇਸ ਵਿੱਚ ਆਪ ਦੇ ਦੋਹਾਂ ਧੜਿਆਂ ਦੇ ਵਿਧਾਇਕ ਸਭ ਤੋਂ ਜ਼ਿਆਦਾ ਹਨ। ਕਾਂਗਰਸ ਦੇ ਵੀ ਹਨ। ਬਠਿੰਡਾ ਤੋਂ ਰਾਜਾ ਵਡਿੰਗ ਅਤੇ ਹੁਸ਼ਿਆਰਪੁਰ ਤੋਂ ਡਾæ ਰਾਜ ਕੁਮਾਰ ਚੱਬੇਵਾਲ। ਇਕ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਹਨ, ਅਕਾਲੀ ਦਲ ਦੇ ਦੋ ਅਹਿਮ ਵਿਧਾਇਕ ਸੁਖਬੀਰ ਸਿੰਘ ਬਾਦਲ ਅਤੇ ਪਰਮਿੰਦਰ ਸਿੰਘ ਢੀਂਡਸਾ ਵੀ ਪਾਰਟੀ ਦੀ ਸਾਖ ਖਾਤਰ ਖੁਦ ਚੋਣ ਪਿੜ ਵਿੱਚ ਉਤਰੇ ਹਨ। ਆਪ ਦੇ ਵਿਰੋਧੀ ਧੜੇ ਦਾ ਸੁਖਪਾਲ ਖਹਿਰਾ ਖੁਦ ਬਠਿੰਡਾ ਤੋਂ ਲੜ ਰਿਹਾ ਹੈ। ਜ਼ਾਹਿਰ ਹੈ ਇਨ੍ਹਾਂ ਵਿੱਚੋਂ ਜਿੰਨ੍ਹੇ ਵੀ ਜਿੱਤ ਗਏ ਉਨ੍ਹਾਂ ਦੀਆਂ ਸੀਟਾਂ ਪੰਜਾਬ ਵਿਧਾਨ ਸਭਾ ਵਿੱਚ ਖਾਲੀ ਹੋ ਜਾਣੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਫਿਰ ਜ਼ਿਮਨੀ ਚੋਣਾਂ ਲਈ ਤਿਆਰ ਹੋਣਾ ਪਵੇਗਾ। ਉਂਜ ਇਨ੍ਹਾਂ ਚੋਣਾਂ ਦੀ ਜਿਹੜੀ ਸਭ ਤੋਂ ਦਿਲਚਸਪ ਗੱਲ ਹੈ ਉਹ ਇਹ ਕਿ ਇਕ ਤਾਂ ਸ਼ੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੋਵੇਂ ਮੀਆਂ ਬੀਬੀ ਖੁਦ ਚੋਣ ਮੈਦਾਨ ਵਿੱਚ ਨਿਤਰੇ ਹਨ। ਦੂਜਾ ਸੂਬੇ ਦੀਆਂ ਘੱਟੋ ਘੱਟ ਛੇ ਸਿਆਸੀ ਪਾਰਟੀਆਂ ਦੇ ਪ੍ਰਧਾਨ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿੱਚ ਸੁਖਬੀਰ ਬਾਦਲ ਤਾਂ ਹੈ ਹੀ, ਕਾਂਗਰਸ ਦਾ ਸੁਨੀਲ ਜਾਖੜ ਵੀ ਹੈ। ਆਪ ਦੇ ਦਿੱਲੀ ਧੜੇ ਦਾ ਭਗਵੰਤ ਮਾਨ, ਆਪ ਦੇ ਵਿਰੋਧੀ ਧੜੇ ਦਾ ਸੁਖਪਾਲ ਖਹਿਰਾ, ਲੋਕ ਇਨਸਾਫ ਪਾਰਟੀ ਦਾ ਸਿਮਰਜੀਤ ਸਿੰਘ ਬੈਂਸ ਅਤੇ ਪੰਜਾਬ ਏਕਤਾ ਪਾਰਟੀ ਦਾ ਡਾ ਧਰਮਵੀਰ ਗਾਂਧੀ ਹੈ। ਇਕ ਹੋਰ ਗੱਲ ਵੀ ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਦੇ ਤੇਰ੍ਹਾਂ ਐੱਮ. ਪੀਆਂ ਵਿੱਚੋਂ ਚਾਰ ਆਮ ਆਦਮੀ ਪਾਰਟੀ, ਚਾਰ ਕਾਂਗਰਸ ਅਤੇ ਚਾਰ ਅਕਾਲੀ ਦਲ ਦੇ ਅਤੇ ਇਕ ਭਾਜਪਾ ਦਾ ਹੈ। ਇਨ੍ਹਾਂ ਵਿੱਚੋਂ ਲਗਪਗ ਅੱਧਿਆਂ ਨੂੰ ਮੁੜ ਟਿਕਟ ਦੇ ਦਿੱਤੀ ਗਈ ਹੈ। ਆਪ ਦੇ ਦੋ ਸਾਂਸਦ ਡਾæ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਸ਼ੁਰੂ ਵਿੱਚ ਹੀ ਪਾਰਟੀ ਛੱਡ ਗਏ ਸਨ। ਇਸ ਲਈ ਡਾæ ਗਾਂਧੀ ਤਾਂ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣ ਮੈਦਾਨ ਵਿੱਚ ਹੈ ਪਰ ਖਾਲਸਾ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਬਾਵਜੂਦ ਉਸ ਨੂੰ ਟਿਕਟ ਨਹੀਂ ਦਿੱਤੀ।

    ਭਾਜਪਾ ਨੇ ਮੋਦੀ ਸਰਕਾਰ ਦੇ ਇਕ ਮੰਤਰੀ ਵਿਜੇ ਸਾਂਪਲਾ ਨੂੰ ਵੀ ਟਿਕਟ ਨਹੀਂ ਦਿੱਤੀ। ਅਕਾਲੀ ਦਲ ਦੇ ਚਾਰ ਸਾਂਸਦਾਂ ਵਿੱਚੋਂ ਦੋ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ਼ੇਰ ਸਿੰਘ ਘੁਬਾਇਆ ਵੀ ਪਾਰਟੀ ਛੱਡ ਗਏ ਹਨ। ਘੁਬਾਇਆ ਤਾਂ ਕਾਂਗਰਸ ਵਿੱਚ ਸ਼ਾਮਲ ਹੋ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਬਣ ਗਿਆ ਹੈ ਜਿਸ ਨੂੰ ਟੱਕਰ ਦੇਣ ਲਈ ਸੁਖਬੀਰ ਬਾਦਲ ਨੇ ਆਪਣੇ ਆਪ ਨੂੰ ਖੁਦ ਚੋਣ ਮੈਦਾਨ ਵਿੱਚ ਲਿਆ ਖੜਾ ਕੀਤਾ ਹੈ। ਉਂਜ ਜੇ ਟੱਕਰ ਕਾਂਗਰਸ ਅਤੇ ਅਕਾਲੀ ਦਲ ਵਿੱਚ ਮੰਨੀ ਜਾ ਰਹੀ ਹੈ ਤਾਂ ਇਸ ਦੇ ਉਮੀਦਵਾਰਾਂ 'ਤੇ ਝਾਤੀ ਮਾਰੀਏ ਤਾਂ ਸਪੱਸ਼ਟ ਹੋਵੇਗਾ ਕਿ ਅਕਾਲੀ ਦਲ ਦੇ ਬਹੁਤੇ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਨਾਲੋਂ ਪੁਖਤਾ ਹਨ। ਹੁਣੇ ਇਹ ਟਿਪਣੀ ਕਰਨੀ ਵਾਜਬ ਨਹੀਂ ਲੱਗਦੀ ਪਰ ਕਾਂਗਰਸੀ ਹਲਕਿਆਂ ਵਿੱਚ ਇਸ ਤਰ੍ਹਾਂ ਦੀਆਂ ਸੁਰਾਂ ਜ਼ਰੂਰ ਉਭਰਨੀਆਂ ਸ਼ੁਰੂ ਹੋ ਗਈਆਂ ਹਨ ਕਿ ਛੇ ਸੱਤ ਹਲਕਿਆਂ ਤੋਂ ਇਸ ਦੇ ਉਮੀਦਵਾਰ ਸੰਭਾਵੀ ਜੇਤੂ ਨਹੀਂ ਲੱਗਦੇ। ਤਾਂ ਵੀ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਲਈ ਇਹ ਚੋਣਾਂ ਵਕਾਰ ਦਾ ਸਵਾਲ ਹਨ। ਕਾਂਗਰਸ ਕੋਲ ਇਸ ਵੇਲੇ ਚਾਰ ਸੀਟਾਂ ਹਨ। ਜਿੱਤਣ ਦਾ ਦਾਅਵਾ ਇਹ ਤੇਰ੍ਹਾਂ ਦੀਆਂ ਤੇਰ੍ਹਾਂ ਦਾ ਕਰ ਰਹੀ ਹੈ ਪਰ ਜੋ ਕੈਪਟਨ ਸਰਕਾਰ ਦੀ ਪਿਛਲੇ ਦੋ ਸਾਲਾਂ ਦੀ ਕੁਝ ਵਧੇਰੇ ਹੀ ਢਿੱਲੀ ਢਾਲੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਬਹੁਤੀ ਅਪੀਲ ਨਹੀਂ ਕਰਦੀ। ਅਕਾਲੀ ਦਲ ਕੋਲ ਇਸ ਵੇਲੇ ਸਿਰਫ਼ ਦੋ ਸੀਟਾਂ ਹਨ ਅਤੇ ਜਿਸ ਤਰ੍ਹਾਂ ਦੇ ਉਮੀਦਵਾਰਾਂ 'ਤੇ ਉਹਨੇ ਟੇਕ ਲਗਾਈ ਹੈ ਅਤੇ ਪਿਛਲੇ ਕੁਝ ਸਮੇਂ ਵਿੱਚ ਅਕਾਲੀ ਦਲ ਨੂੰ ਮੁੜ ਪੈਰਾਂ 'ਤੇ ਖੜ੍ਹੇ ਕਰਨ ਦੇ ਯਤਨ ਕੀਤੇ ਗਏ ਹਨ ਉਨ੍ਹਾਂ ਦੀ ਰੋਸ਼ਨੀ ਵਿੱਚ ਅਕਾਲੀ ਦਲ ਨੂੰ ਚੋਣਾਂ ਦਾ ਲਾਹਾ ਮਿਲ ਸਕਦਾ ਹੈ। ਤਾਂ ਵੀ ਹਕੀਕਤ ਦਾ ਪਤਾ 23 ਮਈ ਨੂੰ ਚੋਣ ਨਤੀਜਿਆਂ ਵੇਲੇ ਲੱਗੇਗਾ।
 

ਲੋਕ ਵੋਟ ਕਿਉਂ ਅਤੇ ਕਿਸ ਨੂੰ ਪਾਉਣ !


 ਸਵਾਲਾਂ ਦਾ ਸਵਾਲ ਹੈ ਕਿ ਹੁਣ ਜਦੋਂ ਕਿ ਚੋਣ ਮੈਦਾਨ ਭੱਖਣਾ ਸ਼ੁਰੂ ਹੋ ਗਿਆ ਹੈ ਤਾਂ ਪੰਜਾਬ ਦੇ ਲਗਪਗ ਦੋ ਕਰੋੜ ਤੋਂ ਵੱਧ ਵੋਟਰ ਆਪਣਾ ਵੋਟ ਕਿਸ ਨੂੰ ਅਤੇ ਕਿਉਂ ਪਾਉਣ ਲੰਬੇ ਅਰਸੇ ਤੋਂ ਰਵਾਇਤ ਤਾਂ ਇਹ ਰਹੀ ਹੈ ਕਿ ਇਨ੍ਹਾਂ ਵੋਟਾਂ ਨਾਲ ਇਕ ਵਾਰ ਕਾਂਗਰਸ ਅਤੇ ਇਕ ਵਾਰੀ ਅਕਾਲੀਆਂ ਦੀ ਸਰਕਾਰ ਬਣਦੀ ਰਹੀ ਹੈ। ਘੱਟੋ ਘੱਟ 1985 ਤੋਂ ਇਹ ਸਿਲਸਿਲਾ ਜਾਰੀ ਹੈ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਹੇਠ ਸ਼ੁੱਧ ਅਕਾਲੀਆਂ ਦੀ ਸਰਕਾਰ ਬਣੀ ਸੀ। ਹਾਂ, ਉਦੋਂ ਵੀ ਅਤੇ ਉਸ ਤੋਂ ਬਹੁਤ ਸਮਾਂ ਪਹਿਲਾਂ ਵੀ ਪੰਜਾਬ ਦੇ ਕੁਝ ਮਸਲੇ ਸਨ ਜਿਨ੍ਹਾਂ ਨੂੰ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਅਤੇ ਨਾ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਕੇਂਦਰ ਤੋਂ ਹੱਲ ਕਰਵਾ ਸਕੀਆਂ। 1992 ਵਿੱਚ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਤਾਂ ਹੋਣਾ ਹੀ ਕੁਝ ਨਹੀਂ ਸੀ ਕਿਉਂਕਿ ਉਦੋਂ ਤੱਕ ਤਾਂ ਪੰਜਾਬ ਕਾਲੇ ਦਿਨਾਂ ਦੀ ਬਲੀ ਚੜ੍ਹ ਚੁੱਕਾ ਸੀ। ਇਹੀਓ ਸਮਾਂ ਸੀ ਜਦੋਂ ਪੰਜਾਬ ਸਿਰ ਕਰਜ਼ਾ ਚੜ੍ਹਨਾ ਸ਼ੁਰੂ ਹੋਇਆ ਜੋ ਅੱਜ 2 ਲੱਖ 60 ਹਜ਼ਾਰ ਕਰੋੜ ਤੋਂ ਵੀ ਵੱਧ ਗਿਆ ਹੈ। ਪੰਜਾਬ 'ਤੇ ਦੱਸ ਸਾਲ ਹਕੂਮਤ ਕਰਨ ਵਾਲੀ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵੀ ਕਰਜ਼ੇ ਦੇ ਸਿਰ 'ਤੇ ਚੱਲਦੀ ਰਹੀ ਅਤੇ ਹੁਣ ਕੈਪਟਨ ਸਰਕਾਰ ਵੀ ਕਰਜ਼ੇ ਦੇ ਆਸਰੇ ਚੱਲ ਰਹੀ ਹੈ। ਪੰਜਾਬ ਦੇ ਇਸ ਤਰ੍ਹਾਂ ਦੇ ਤਰਸਯੋਗ ਹਾਲਾਤ ਬਣ ਗਏ ਹਨ ਕਿ ਅਗਲੀਆਂ ਕਈ ਸਰਕਾਰਾਂ ਵੀ ਕਰਜ਼ੇ 'ਤੇ ਹੀ ਚੱਲਣਗੀਆਂ। ਹਾਂ, ਜਦੋਂ ਕੋਈ ਦਿਲ ਗੁਰਦੇ ਵਾਲਾ ਅਤੇ ਪੰਜਾਬ ਦੇ ਹਿੱਤਾਂ ਹੱਕਾਂ ਦਾ ਰੱਖਵਾਲਾ ਮੁੱਖ ਮੰਤਰੀ ਬਣਿਆਂ ਤਾਂ ਉਦੋਂ ਸ਼ਾਇਦ ਕੁਝ ਤੇਜ ਤਿੱਖੇ ਆਰਥਿਕ ਸੁਧਾਰਾਂ ਕਾਰਨ ਪੰਜਾਬ ਨੂੰ ਮੌਜੂਦਾ ਮਾਲੀ ਸੰਕਟ ਵਿੱਚੋਂ ਕੱਢਿਆ ਜਾ ਸਕੇ ਵਰਨਾ ਹਾਲ ਦੀ ਘੜੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਸਵਾਲ ਜਿਥੋਂ ਤੱਕ ਪੰਜਾਬ ਦੀਆਂ ਮੰਗਾਂ ਦਾ ਹੈ ਉਨ੍ਹਾਂ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬ ਤੋਂ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਵਾਪਸ ਕਰਨ ਅਤੇ ਦਰਿਆਈ ਪਾਣੀਆਂ ਦੀ ਸਹੀ ਵੰਡ ਆਦਿ ਸ਼ਾਮਿਲ ਹਨ। ਪਾਣੀਆਂ ਸਬੰਧੀ ਭੱਲੇ ਹੀ ਲੰਬੇ ਸਮੇਂ ਤੋਂ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਪੰਜਾਬ ਦੀ ਧਰਤੀ 'ਤੇ ਬਣੇ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਵਾਪਸੀ ਲਈ ਕਦੀ ਕਿਸੇ ਸਿਆਸੀ ਧਿਰ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਸਗੋਂ ਆਪਸ ਵਿੱਚ ਇਕ ਦੂਜੇ ਦੀਆਂ ਲੱਤਾਂ ਖਿੱਚ ਕੇ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਜ਼ਰੂਰ ਪੁਚਾਉਂਦੇ ਰਹੇ ਹਨ। ਵੈਸੇ ਵੀ ਅੱਜ ਪੰਜਾਬ ਜਿਵੇਂ ਨਸ਼ਿਆਂ, ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਖੁਦਕੁਸ਼ੀਆਂ, ਮੁੱਦਿਆਂ ਦੀ ਥਾਂ ਦੂਸ਼ਣਬਾਜੀ, ਕੁਨਬਾਪਰਵਰੀ, ਭ੍ਰਿਸ਼ਟਾਚਾਰ, ਆਮ ਲੋਕਾਂ ਦੀ ਸਰਕਾਰੀ ਦਫ਼ਤਰਾਂ 'ਚ ਖੱਜਲਖੁਆਰੀ ਆਦਿ ਭੱਖਵੇਂ ਮਸਲਿਆਂ ਵਿੱਚ ਉਲਝਿਆ ਹੋਇਆ ਹੈ ਉਸ ਤੋਂ ਵੋਟਰ ਖਫ਼ਾ ਹੋ ਰਹੇ ਹਨ। ਵੋਟਰਾਂ ਨੂੰ ਪਹਿਲਾਂ ਚੋਣਾਂ ਸਮੇਂ ਝੂਠੇ ਲਾਰਿਆਂ ਦੇ ਸਬਜ਼ਬਾਗ ਵਿਖਾ ਕੇ ਵਰਗਲਾ ਲਿਆ ਜਾਂਦਾ ਸੀ ਹੁਣ ਉਹ ਸ਼ਾਇਦ ਥੋੜ੍ਹਾ ਚੇਤੰਨ ਹੋ ਗਏ ਹਨ। ਸ਼ਾਇਦ ਇਸੇ ਲਈ ਵੋਟਰ ਐਤਕੀਂ ਖਾਮੋਸ਼ ਹਨ। ਰਵਾਇਤੀ ਧਿਰਾਂ ਨੂੰ ਤਾਂ ਭਲੇ ਹੀ ਉਨ੍ਹਾਂ ਨੇ ਅਜਮਾ ਲਿਆ ਹੈ ਅਤੇ ਉਹ ਗੰਭੀਰਤਾ ਨਾਲ ਸੋਚਣ ਲੱਗੇ ਹਨ ਕਿ ਵੋਟ ਉਸ ਨੂੰ ਪਾਉਣ ਜੋ ਆਪਣੀ ਨਿੱਜੀ ਹਿੱਤਾਂ ਦੀ ਥਾਂ ਲੋਕ ਹਿੱਤਾਂ ਨੂੰ ਪਹਿਲ ਦੇਵੇ।  
ਲੇਖਕ - ਸ਼ੰਗਾਰਾ ਸਿੰਘ ਭੁੱਲਰ

91 9814122870

Email : shangarasinghbhullar@gmail.com

* * * * * * * *