image caption:

ਕਰੈਡਿਟ ਵਾਰ 'ਚ ਉਲਝੇ ਉਮੀਦਵਾਰ

ਪਟਿਆਲਾ : ਲੋਕ ਸਭਾ ਚੋਣਾਂ ਲਈ ਕੇਵਲ ਚਾਰ ਦਿਨ ਬਾਕੀ ਰਹਿ ਗਏ ਹਨ ਤੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸਿਖਰਾਂ 'ਤੇ ਹੈ। ਹਲਕੇ 'ਚ ਹੋਏ ਵਿਕਾਸ ਕਾਰਜਾਂ ਦਾ ਸਿਹਰਾ ਲੈਣ ਲਈ ਸਿਆਸੀ ਧਿਰਾਂ 'ਚ ਦੌੜ ਲੱਗੀ ਹੋਈ ਹੈ। ਵਿਕਾਸ ਕਾਰਜਾਂ ਨੂੰ ਲੈ ਕੇ ਜਿਥੇ ਡਾ. ਧਰਮਵੀਰ ਗਾਂਧੀ ਤੇ ਪਰਨੀਤ ਕੌਰ ਆਹਮੋ-ਸਾਹਮਣੇ ਹੋ ਗਏ ਹਨ, ਉਥੇ ਹੀ ਸੁਰਜੀਤ ਸਿੰਘ ਰੱਖੜਾ ਮਸਤ ਚਾਲ ਨਾਲ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ।
ਸਮੂਹ ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣੀ ਪਟਿਆਲਾ ਸੀਟ ਦੇ ਮਜ਼ਬੂਤ ਉਮੀਦਵਾਰ ਮੰਨੇ ਜਾ ਰਹੇ ਡਾ. ਧਰਮਵੀਰ ਗਾਂਧੀ ਤੇ ਪਰਨੀਤ ਕੌਰ ਪਿਛਲੇ ਸਮਿਆਂ 'ਚ ਹੋਏ ਵਿਕਾਸ ਕਾਰਜਾਂ ਦਾ ਕਰੈਡਿਟ ਲੈਣ ਲਈ ਆਹਮੋ-ਸਾਹਮਣੇ ਹੋ ਗਏ ਹਨ। ਪੰਜਾਬ ਡੈਮੋਕਰੇਟਿਕ ਅਲਾਇੰਸ ਤੇ ਨਵਾਂ ਪੰਜਾਬ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਰਾਜਪੁਰਾ ਰੇਲਵੇ ਲਾਈਨ, ਪਾਸਪੋਰਟ ਦਫਤਰ ਸਮੇਤ ਹੋਰਨਾਂ ਵੱਡੇ ਪ੍ਰਾਜੈਕਟਾਂ ਨੂੰ ਆਪਣੇ ਖਾਤੇ ਵਿਚ ਗਿਣਾਇਆ ਜਾ ਰਿਹਾ ਹੈ, ਜਦੋਂਕਿ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਵੱਲੋਂ ਇਨ੍ਹਾਂ ਪ੍ਰਰਾਜੈਕਟਾਂ ਨੂੰ ਆਪਣੇ ਕਾਰਜਕਾਲ ਦੌਰਾਨ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਫਿਲਹਾਲ ਦੋਵੇਂ ਉਮੀਦਵਾਰਾਂ ਦੀ ਇਸ ਖਹਿ-ਬਾਜ਼ੀ ਨੇ ਲੋਕਾਂ ਨੂੰ ਡੂੰਘੀ ਸੋਚ ਵਿਚ ਪਾ ਦਿੱਤਾ ਹੈ। ਉਧਰ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਪੂਰੇ ਜੋਸ਼ 'ਚ ਚੋਣ ਪ੍ਰਚਾਰ 'ਚ ਲੱਗੇ ਹੋਏ ਹਨ। ਦੋਵਾਂ ਉਮੀਦਵਾਰਾਂ ਦੀ ਲੜਾਈ ਦਾ ਲਾਹਾ ਲੈਣ ਲਈ ਰੱਖੜਾ ਵਲੋਂ ਅਕਾਲੀ ਦਲ ਵੱਲੋਂ ਕੀਤੇ ਵਿਕਾਸ ਕਾਰਜਾਂ 'ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।