image caption:

ਬਾਰਡਰ ਪੱਟੀ ਦੇ ਲੋਕਾਂ ਨਾਲ ਮੇਰੀ ਪੁਰਾਣੀ ਸਾਂਝ : ਬਾਦਲ

ਜਲਾਲਾਬਾਦ : ਦੇਸ਼ ਦੀ ਤਰੱਕੀ ਤੇ ਸੁਰੱਖਿਆ ਲਈ ਲੋਕ ਤਜ਼ਰਬੇਕਾਰ ਪ੍ਰਧਾਨ ਮੰਤਰੀ ਚੁਣਨ ਕਿਉਂਕਿ ਜੇ ਦੇਸ਼ ਤਰੱਕੀ ਕਰੇਗਾ ਤਾਂ ਦੇਸ਼ ਦੇ ਲੋਕ ਵੀ ਤਰੱਕੀ ਕਰ ਸਕਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੰਗਲਵਾਰ ਨੂੰ ਇਥੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਸਬਾਜਕੇ ਉਰਫ਼ ਪ੍ਰਭਾਤ ਸਿੰਘ ਵਾਲਾ ਉਤਾੜ ਵਿਚ ਇਕ ਚੋਣ ਜਲਸੇ ਵਿਚ ਬੋਲਦਿਆਂ ਕੀਤਾ।
ਉਹ ਇਥੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿਚ ਜਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦਾ ਮਨ ਬਣਾ ਲਿਆ ਹੈ, ਇਸ ਲਈ ਮੈਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਵੀ ਇਕ ਤਾਕਤਵਰ ਪ੍ਰਧਾਨ ਮੰਤਰੀ ਵਜੋਂ ਮੋਦੀ ਨੂੰ ਹੀ ਵੋਟ ਪਾਉਣਗੇ।
ਬਾਦਲ ਨੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਦੇਸ਼ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬੀ ਸੂਬਾ ਲੈਣ ਲਈ ਸਾਨੂੰ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਪਰ ਫਿਰ ਵੀ ਸਾਨੂੰ ਪੰਜਾਬੀ ਸੂਬਾ ਅਧੂਰਾ ਮਿਲਿਆ।
ਪੰਜਾਬ ਨੂੰ ਨਾ ਰਾਜਧਾਨੀ ਮਿਲੀ ਤੇ ਨਾ ਹੀ ਪੰਜਾਬ ਨੂੰ ਪੰਜਾਬੀ ਬੋਲਣ ਵਾਲੇ ਸਾਰੇ ਇਲਾਕੇ ਦਿੱਤੇ ਗਏ। ਉਨ੍ਹਾਂ ਸੁਖਬੀਰ ਬਾਦਲ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਸਰਹੱਦੀ ਪੱਟੀ ਦੇ ਲੋਕਾਂ ਨੂੰ ਕਿਹਾ ਕਿ ਇਸ ਖੇਤਰ ਨਾਲ ਮੇਰੀ ਪੁਰਾਣੀ ਸਾਂਝ ਹੈ ਤੇ ਸੁਖਬੀਰ ਨੇ ਵੀ ਇਸ ਇਲਾਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕਿਹਾ। ਇਸ ਮੌਕੇ ਸਤਿੰਦਰਜੀਤ ਸਿੰਘ ਮੰਟਾ, ਗੁਰਵੈਦ ਸਿੰਘ ਕਾਠਗੜ੍ਹ, ਗੁਰਦੇਵ ਸਿੰਘ ਆਲਮ ਕੇ, ਮਹਿੰਦਰ ਸਿੰਘ ਬੱਘੇ ਕੇ, ਪੂਰਨ ਮੁਜੈਦੀਆ, ਰਾਜ ਰਾਣੀ ਲੱਧੂਵਾਲਾ ਆਦਿ ਆਗੂ ਹਾਜ਼ਰ ਸਨ।