image caption:

ਇਸ ਵਾਰ ਕੰਮ ਦੇ ਆਧਾਰ 'ਤੇ ਵੋਟ ਮੰਗ ਰਹੇ ਹਾਂ : ਸੁਸ਼ਮਾ

ਗੁਰਦਾਸਪੁਰ :2014 'ਚ ਅਸੀਂ ਵਾਅਦਿਆਂ ਦੇ ਆਧਾਰ ਤੇ ਵੋਟ ਮੰਗੇ ਸੀ ਪਰ ਹੁਣ 2019 ਦੀਆਂ ਚੋਣਾਂ 'ਚ ਅਸੀਂ ਮੋਦੀ ਸਰਕਾਰ ਵੱਲੋਂ ਪਿਛਲੇ ਪੰਜ ਸਾਲ ਦੌਰਾਨ ਕੀਤੇ ਕੰਮ ਦੇ ਆਧਾਰ 'ਤੇ ਵੋਟ ਮੰਗ ਰਹੇ ਹਾਂ। ਇਹ ਵਿਚਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੱਲੋਂ ਸੋਮਵਾਰ ਨੂੰ ਗੁਰਦਾਸਪੁਰ 'ਚ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ 'ਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਧਰਮਿੰਦਰ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਕਮਲ ਸ਼ਰਮਾ ਵੀ ਮੌਜੂਦ ਸਨ।
ਆਪਣੇ ਸੰਬੋਧਨ 'ਚ ਸੁਸ਼ਮਾ ਸਵਰਾਜ ਨੇ ਕਿਹਾ ਕਿ 2004 'ਚ ਜਦੋਂ ਮੁੰਬਈ 'ਤੇ ਹਮਲਾ ਹੋਇਆ ਤਾਂ ਉਸ ਸਮੇਂ ਦੀ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ ਜਦਕਿ ਮੋਦੀ ਸਰਕਾਰ ਨੇ ਪਾਕਿਸਤਾਨ ਨੂੰ ਹਰ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ। ਉੜੀ ਹਮਲੇ ਪਿੱਛੋਂ ਸਰਜੀਕਲ ਸਟ੍ਰਾਈਕ ਕੀਤੀ ਗਈ ਤੇ ਪੁਲਵਾਮਾ ਹਮਲੇ ਮਗਰੋਂ ਏਅਰ ਸਟ੍ਰਾਈਕ ਕਰ ਕੇ ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦਿੱਤਾ ਗਿਆ। ਸੁਸ਼ਮਾ ਸਵਰਾਜ ਨੇ ਕਿਹਾ ਕਿ ਵਿਦੇਸ਼ਾਂ 'ਚ ਪਾਕਿਸਤਾਨ ਦੀ ਕਿਰਕਿਰੀ ਹੋਈ ਹੈ ਤੇ ਸੰਯੁਕਤ ਰਾਸ਼ਟਰ ਨੇ ਅੱਤਵਾਦੀ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨ ਦਿੱਤਾ। ਵਿਦੇਸ਼ਾਂ 'ਚ ਭਾਰਤ ਦੀ ਸਾਖ਼ 'ਚ ਵਾਧਾ ਹੋਇਆ ਹੈ ਅਤੇ ਮਾਣ ਸਨਮਾਨ 'ਚ ਵਾਧਾ ਹੋਇਆ ਹੈ। ਕਿਸੇ ਵੀ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਪੰਜ ਕੰਮਾਂ 'ਚ ਹੁੰਦੀ ਹੈ ਜਿਸ 'ਚ ਰਾਸ਼ਟਰੀ ਸੁਰੱਖਿਆ, ਗਲੋਬਲਾਈਜ਼ੇਸ਼ਨ, ਅਰਥਚਾਰਾ, ਰਾਸ਼ਟਰੀ ਵਿਕਾਸ ਤੇ ਜਨ ਕਲਿਆਣ ਆਦਿ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜ ਸਾਲ 'ਚ ਢਾਈ ਲੱਖ ਤੋਂ ਵੱਧ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ ਲਿਆਉਣ ਦਾ ਕੰਮ ਕੀਤਾ ਹੈ।
ਇਸ ਮੌਕੇ ਧਰਮਿੰਦਰ ਨੇ ਕਿਹਾ ਕਿ ਉਹ ਜਿਸ ਦਿਨ ਤੋਂ ਗੁਰਦਾਸਪੁਰ ਆਏ ਹਨ ਉਹ ਸੁਨੀਲ ਜਾਖੜ ਨੂੰ ਬਲਰਾਮ ਜਾਖੜ ਦਾ ਬੇਟਾ ਹੋਣ ਕਾਰਨ ਬੇਟਾ-ਬੇਟਾ ਬੋਲ ਰਹੇ ਹਨ ਪਰ ਉਹ ਲਗਾਤਾਰ ਉਸਦੇ ਬੇਟੇ ਖ਼ਿਲਾਫ਼ ਹੀ ਅਵਾ ਤਵਾ ਬੋਲ ਰਹੇ ਹਨ। ਜੇਕਰ ਜਾਖੜ ਨੇ ਕੰਮ ਕੀਤੇ ਹੁੰਦੇ ਤਾਂ ਉਸ ਨੂੰ ਅਜਿਹਾ ਨਾ ਕਰਨਾ ਪੈਂਦਾ।