image caption:

ਮੋਦੀ 'ਤੇ ਮੁੜ ਵਰ੍ਹੀ ਮਮਤਾ, ਕਿਹਾ-ਦਿੱਲੀ 'ਚ ਅਸੀਂ ਹੀ ਬਣਾਵਾਂਗੇ ਸਰਕਾਰ

ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੂਬੇ 'ਚ ਰੈਲੀਆਂ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਭਿਸ਼ੇਕ 'ਤੇ ਨਿਸ਼ਾਨਾ ਲਾਉਂਦੇ ਹਨ। ਮੇਰੇ 'ਤੇ ਪਰਿਵਾਰਵਾਦ ਦੇ ਦੋਸ਼ ਲਾਉਂਦੇ ਹਨ। ਪਰ ਦੂਜਿਆਂ ਦੇ ਪਰਿਵਾਰ 'ਤੇ ਨਿਸ਼ਾਨਾ ਲਾਉਣ ਵਾਲੇ ਮੋਦੀ ਆਪਣੇ ਪਰਿਵਾਰ 'ਤੇ ਕੁਝ ਨਹੀਂ ਬੋਲਦੇ। ਆਪਣੀ ਪਤਨੀ ਤੋਂ ਮੂੰਹ ਮੋੜਨ ਵਾਲੇ ਮੋਦੀ ਪਰਿਵਾਰ ਤੇ ਰਿਸ਼ਤਿਆਂ ਬਾਰੇ ਕੀ ਬੋਲਣਗੇ?
ਆਪਣੇ ਭਤੀਜੇ ਬਾਰੇ ਗੱਲ ਕਰਦਿਆਂ ਮਮਤਾ ਨੇ ਕਿਹਾ ਕਿ ਅਭਿਸ਼ੇਕ ਸਿਆਸਤ ਵਿਚ ਆਪਣੇ ਕੰਮ ਕਾਰਨ ਹਨ। ਖ਼ੈਰ, ਪਿਛਲੇ ਪੰਜ ਸਾਲਾਂ ਤਕ ਬਿਨਾਂ ਕੰਮ ਦੇ ਵਿਦੇਸ਼ ਯਾਤਰਾਵਾਂ 'ਚ ਰੁਝੇ ਰਹਿਣ ਵਾਲੇ ਦੰਗਾਬਾਜ਼ ਮੋਦੀ ਹੁਣ ਸੂਬੇ ਵਿਚ ਚੋਣ ਜਿੱਤਣ ਲਈ ਕੇਂਦਰੀ ਫੋਰਸ ਦੀ ਵਰਤੋਂ ਕਰ ਰਹੇ ਹਨ ਤੇ ਬੇਤੁੱਕੇ ਬਿਆਨ ਦੇ ਕੇ ਇੱਥੇ ਵੰਡ ਪਾਊ ਸਿਆਸਤ ਕਰ ਰਹੇ ਹਨ। ਪਰ ਮੋਦੀ ਜਿੰਨਾ ਵੀ ਹੱਥ-ਪੈਰ ਮਾਰ ਲੈਣ, ਦਿੱਲੀ ਵਿਚ ਸਰਕਾਰ ਤਾਂ ਅਸੀਂ ਹੀ ਬਣਾਵਾਂਗੇ।
ਮਮਤਾ ਸੋਮਵਾਰ ਨੂੰ ਡਾਇਮੰਡ ਹਾਰਬਰ ਸੰਸਦੀ ਹਲਕੇ ਦੇ ਬਿੜਲਾਪੁਰ 'ਚ ਪਾਰਟੀ ਉਮੀਦਵਾਰ ਅਭਿਸ਼ੇਕ ਬੈਨਰਜੀ ਦੇ ਸਮੱਰਥਨ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਫੋਰਸ 'ਤੇ ਭਾਜਪਾ ਦੇ ਹੱਕ ਵਿਚ ਕੰਮ ਕਰਨ ਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦਾ ਵੀ ਦੋਸ਼ ਲਾਇਆ।
ਉਧਰ ਮਥੁਰਾਪੁਰ ਸੰਸਦੀ ਹਲਕੇ ਦੇ ਨਾਮਖ਼ਾਨਾ 'ਚ ਪਾਰਟੀ ਉਮੀਦਵਾਰ ਚੌਧਰੀ ਮੋਹਨ ਜਟੂਆ ਦੇ ਸਮੱਰਥਨ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੰਗਾਬਾਜ਼ ਮੋਦੀ ਨੂੰ ਸੂਬੇ ਵਿਚ ਮਾਰਕਸੀ ਪਾਰਟੀ ਦਾ ਸਾਥ ਮਿਲਿਆ ਹੈ। ਇਹ ਦੋਵੇਂ ਸੂਬੇ ਦੀ ਅਮਨ-ਸ਼ਾਂਤੀ ਵਿਗਾੜਨ ਵਿਚ ਲੱਗੇ ਹੋਏ ਹਨ ਪਰ ਸੂਬੇ ਦੀ ਜਨਤਾ ਉਨ੍ਹਾਂ ਦੀ ਮਨਸ਼ਾ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਮੋਦੀ ਦੀ ਨੋਟਬੰਦੀ ਨੇ ਲੋਕਾਂ ਬੇਰੁਜ਼ਗਾਰ ਕਰ ਦਿੱਤਾ, ਪਰ ਅਸੀਂ ਨੋਟਬੰਦੀ ਦੀ ਤ੍ਰਾਸਦੀ ਨਾਲ ਨਿਪਟਣ ਲਈ 300 ਆਈਟੀਆਈ ਸੰਸਥਾਵਾਂ ਸਥਾਪਤ ਕਰਕੇ ਲੋਕਾਂ ਨੂੰ ਵੱਖ-ਵੱਖ ਟਰੇਡਾਂ 'ਚ ਸਿਖਿਅਤ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਨਾਲ ਜੋੜਿਆ। ਅਸੀਂ ਵਿਕਾਸ ਤੇ ਏਕਤਾ ਦੀ ਗੱਲ ਕਰਦੇ ਹਾਂ ਪਰ ਮੋਦੀ ਧਰਮ ਤੇ ਜਾਤ ਦੇ ਨਾਂ 'ਤੇ ਵੰਡਣ ਦੀ ਸਿਆਸਤ ਕਰਦੇ ਹਨ।
ਅਜਿਹੀ ਸੂਰਤ 'ਚ ਅੱਜ ਦੇਸ਼ ਲਈ ਮੋਦੀ ਇਕ ਸੰਕਟ ਵਾਂਗ ਹਨ ਜਿਸ ਨੂੰ ਹਟਾਏ ਬਿਨਾਂ ਦੇਸ਼ ਨਹੀਂ ਬਚੇਗਾ। ਮਟਿਆਬੁਰਜ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ 'ਚ ਕਾਂਗਰਸ ਭਾਜਪਾ ਦਾ ਵਿਰੋਧ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ ਸੂਬੇ ਵਿਚ ਕਾਂਗਰਸ ਤੇ ਮਾਰਕਸੀ ਪਾਰਟੀ ਮਿਲਕੇ ਭਾਜਪਾ ਨੂੰ ਪ੍ਰਮੋਟ ਕਰਨ ਵਿਚ ਲੱਗੀਆਂ ਹੋਈਆਂ ਹਨ ਪਰ ਜੋ ਵੀ ਹੋਵੇ ਹੁਣ ਮੋਦੀ ਦੀ ਵਿਦਾਈ ਦਾ ਸਮਾਂ ਆ ਗਿਆ ਹੈ।