image caption:

ਰਾਹੁਲ ਦੀ ਬਰਗਾੜੀ ਰੈਲੀ 'ਚ ਕੈਪਟਨ ਵੱਲੋਂ ਵੱਡਾ ਐਲਾਨ, ਸ਼ਹੀਦ ਹੋਏ ਦੋਵਾਂ ਸਿੰਘਾਂ ਦੀ ਉਸਾਰੀ ਜਾਵੇਗੀ ਯਾਦਗਾਰ

ਫ਼ਰੀਦਕੋਟ-  ਵੋਟਾਂ ਤੋਂ ਐਨ ਪਹਿਲਾਂ ਕਾਂਗਰਸ ਨੇ ਵੱਡਾ ਦਾਅ ਖੇਡਦਿਆਂ ਸ਼੍ਰੋਮਣੀ ਅਕਾਲੀ-ਭਾਜਪਾ ਨੂੰ ਬਰਗਾੜੀ ਦੀ ਧਰਤੀ ਤੋਂ ਡੂੰਘੀ ਸੱਟ ਮਾਰੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਦਾ ਲੋਕ ਸਭਾ ਚੋਣਾਂ ਮੌਕੇ ਸਿਆਸੀ ਲਾਹਾ ਲੈਣ ਲਈ ਵੱਡੀ ਰੈਲੀ ਕੀਤੀ।
ਰੈਲੀ ਵਿੱਚ ਜਿੱਥੇ ਰਾਹੁਲ ਗਾਂਧੀ ਨੇ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਦੀ ਵਚਨਬੱਧਤਾ ਦੁਹਰਾਈ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਵਿੱਚ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਯਾਦਗਾਰ ਉਸਾਰਨ ਦਾ ਐਲਾਨ ਕੀਤਾ।
ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਗੁੰਰੂ ਗੰ੍ਰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਇਸ ਮੁੱਦੇ ਨੂੰ ਲੈ ਕੇ ਸ਼ਾਂਤਮਈ ਰੋਸ ਧਰਨੇ 'ਤੇ ਬੈਠੀਆਂ ਸੰਗਤਾਂ 'ਤੇ ਚੱਲੀ ਗੋਲੀ ਦੌਰਾਨ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੇ ਮੁੱਦੇ ਨੇ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਦੀਆਂ ਨੀਹਾਂ ਹਿਲਾ ਕੇ ਰੱਖ ਦਿੱਤੀਆਂ ਸਨ ਤੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਅਜਿਹੀ ਹਾਰ ਹੋਈ ਕਿ ਵਿਰੋਧੀ ਧਿਰ ਦਾ ਰੁਤਬਾ ਵੀ ਨਹੀਂ ਮਿਲ ਸਕਿਆ। ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਸਿੱਖ ਨੌਜਵਾਨਾਂ ਦੀ ਯਾਦਗਾਰ ਉਸਾਰਨ ਦਾ ਐਲਾਨ ਕਰ ਕੇ ਇਕ ਵਾਰ ਮੁੜ ਅਕਾਲੀਆਂ ਨੂੰ ਵੱਡੀ ਟੈਂਸ਼ਨ 'ਚ ਪਾ ਦਿੱਤਾ ਹੈ।