image caption:

ਫਿਰੋਜ਼ਪੁਰ ਨਹੀਂ ਸੁਖਬੀਰ ਲਈ ਬਠਿੰਡਾ ਵੱਕਾਰ ਦਾ ਸਵਾਲ!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਫਿਰੋਜ਼ਪੁਰ ਹਲਕੇ ਤੋਂ ਚੋਣ ਲੜ ਰਹੇ ਹਨ ਪਰ ਉਹ ਜ਼ਿਆਦਾ ਜ਼ੋਰ ਆਪਣੀ ਪਤਨੀ ਹਰਸਿਮਰਤ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਹਲਕੇ ਵਿੱਚ ਲਾ ਰਹੇ ਹਨ। ਬਠਿੰਡਾ ਬਾਦਲ ਪਰਿਵਾਰ ਦਾ ਗੜ੍ਹ ਹੈ। ਇਸ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ। ਇਸ ਬਾਰੇ ਸੁਖਬੀਰ ਦਾ ਕਹਿਣਾ ਹੈ ਕਿ ਫ਼ਿਰੋਜ਼ਪੁਰ ਵਿੱਚ ਅਕਾਲੀ ਦਲ ਦਾ ਵਰਕਰ ਚੋਣ ਲੜ ਰਿਹਾ ਹੈ। ਚੁਫੇਰਿਓਂ ਵਿਰੋਧ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਵੱਡੇ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿੱਚ ਜਿਤਾਉਣਗੇ।
ਬੇਸ਼ੱਕ ਕਾਂਗਰਸ ਦਾ ਬਠਿੰਡਾ ਸੀਟ 'ਤੇ ਹਰਸਿਮਰਤ ਬਾਦਲ ਨੂੰ ਹਰਾਉਣ 'ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਪਰ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਬਠਿੰਡਾ ਵਿੱਚ ਵੱਡੇ ਪੱਧਰ 'ਤੇ ਅਕਾਲੀ ਦਲ ਦੀ ਹੀ ਜਿੱਤ ਹੋਵੇਗੀ। ਬੇਅਦਬੀ ਦੇ ਮਾਮਲਿਆਂ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਜਾਣਬੁੱਝ ਕੇ ਬੇਅਦਬੀ ਮਾਮਲਿਆਂ ਵਿੱਚ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਹਾਲਾਂਕਿ ਬੇਅਦਬੀ ਮਾਮਲਿਆਂ ਦੀ ਅਸਲੀ ਦੋਸ਼ੀ ਕਾਂਗਰਸ ਖ਼ੁਦ ਹੈ।
ਸੁਖਬੀਰ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਫੇਲ੍ਹ ਹੋ ਚੁੱਕੀ ਹੈ। ਇਸ ਕਰਕੇ ਲੋਕ ਕੈਪਟਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਝੂਠੀਆਂ ਸੌਹਾਂ ਖ਼ਾ ਕੇ ਗੁੰਮਰਾਹ ਕੀਤਾ ਗਿਆ। ਹੁਣ ਦੋ ਸਾਲਾਂ ਵਿੱਚ ਸਭ ਕੁਝ ਸਾਹਮਣੇ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਹਾਲਤ ਬਹੁਤ ਵਧੀਆ ਹੈ।
ਮੋਦੀ ਵੱਲੋਂ ਪਰਿਵਾਰਵਾਦ ਸਿਆਸਤ ਖਿਲਾਫ ਦਿੱਤੇ ਬਿਆਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ 10 ਸਾਲ ਸਿਆਸਤ ਵਿੱਚ ਰਹਿ ਕੇ ਆਪਣਾ ਲੋਹਾ ਮੰਨਵਾਇਆ ਹੈ। 10 ਸਾਲ ਸਰਕਾਰ ਚਲਾਈ ਹੈ ਜਿਸ ਕਰਕੇ ਉਹ ਇਹ ਬਿਆਨ ਵਿੱਚ ਫਿੱਟ ਨਹੀਂ ਬੈਠਦੇ। ਸੁਨੀਲ ਜਾਖੜ ਵੱਲੋਂ ਆਰਐਸਐਸ ਖਿਲਾਫ ਦਿੱਤੇ ਗਏ ਬਿਆਨ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸੁਨੀਲ ਜਾਖੜ ਬੁਖਲਾ ਗਏ ਹਨ ਜਿਸ ਕਰਕੇ ਪੁੱਠੇ ਸਿੱਧੇ ਬਿਆਨ ਦੇ ਰਹੇ ਹਨ। ਨਵਜੋਤ ਸਿੰਘ ਸਿੱਧੂ ਨੂੰ ਜੋਕਰ ਕਰਾਰ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਲਈ ਫਿੱਟ ਨਹੀਂ ਬੈਠਦੇ। ਸੁਖਬੀਰ ਨੇ ਕਿਹਾ ਕਿ ਕਾਂਗਰਸ ਖਤਮ ਹੋਣ ਦੇ ਕੰਢੇ ਆਈ ਹੋਈ ਹੈ ਜਿਸ ਕਰਕੇ ਪੁੱਠੇ ਸਿੱਧੇ ਬਿਆਨ ਦੇ ਰਹੀ ਹੈ।