image caption:

ਬੇਅਦਬੀ ਤੇ ਗੋਲੀ ਕਾਂਡ: ਸੁਖਬੀਰ ਬਾਦਲ ਦੀ ਮੁੜ ਵਧੀ ਮੁਸ਼ਕਲ

ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੰਜਾਬ ਦੇ ਪ੍ਰਮੱਖ ਸਕੱਤਰ ਤੋਂ ਸੁਖਬੀਰ ਬਾਦਲ ਦੇ ਬੇਅਦਬੀ ਕਾਂਡ ਸਮੇਂ ਸਮੁੱਚੇ ਦੌਰਿਆਂ ਤੇ ਸਮਾਗਮਾਂ ਦਾ ਵੇਰਵਾ ਮੰਗਿਆ ਹੈ। ਸੁਖਬੀਰ ਬਾਦਲ ਬੇਸ਼ੱਕ ਸਿੱਟ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖ ਚੁੱਕੇ ਹਨ ਪਰ ਨਵੇਂ ਐਂਗਲ ਤੋਂ ਸ਼ੁਰੂ ਕੀਤੀ ਪੜਤਾਲ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਹੈ।
ਸੂਤਰਾਂ ਮੁਤਾਬਕ ਸਿੱਟ ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਸੁਖਬੀਰ ਬਾਦਲ ਦੀਆਂ ਬਹਿਬਲ ਕਾਂਡ ਤੋਂ 10 ਦਿਨ ਪਹਿਲਾਂ ਤੇ 10 ਦਿਨ ਬਾਅਦ ਦੀਆਂ ਸਮੁੱਚੀਆਂ ਫੇਰੀਆਂ ਦਾ ਰਿਕਾਰਡ ਮੰਗਿਆ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਸੁਖਬੀਰ ਨੂੰ ਜਾਰੀ ਕੀਤੇ ਸਰਕਾਰੀ ਵਾਹਨਾਂ ਦੀ ਲਿਸਟ ਤੇ ਖੁਫ਼ੀਆ ਤੰਤਰ ਤੋਂ ਉਨ੍ਹਾਂ ਦੇ ਅਕਤੂਬਰ 2015 ਦੌਰਾਨ ਦੌਰਿਆਂ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ।
ਦਰਅਸਲ ਸਿੱਟ ਨੂੰ ਸਬੂਤ ਮਿਲੇ ਹਨ ਕਿ ਇਸ ਸਾਰੇ ਘਟਨਾਕ੍ਰਮ ਦਾ ਸਬੰਧ ਡੇਰਾ ਸਿਰਸਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਤੇ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦਵਾਉਣ ਦੇ ਮਾਮਲੇ ਨਾਲ ਜੁੜਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਸਾਰੇ ਮਾਮਲੇ ਵਿੱਚ ਸੁਖਬੀਰ ਬਾਦਲ ਤੇ ਕੁਝ ਹੋਰ ਅਕਾਲੀ ਲੀਡਰਾਂ ਦੀ ਭੂਮਿਕਾ ਰਹੀ ਹੈ। ਸਿੱਟ ਹੁਣ ਇਸ ਕੜੀ ਨੂੰ ਹੀ ਜੋੜਨ ਦੀ ਵਾਹ ਲਾ ਰਹੀ ਹੈ।
ਉਂਝ ਸੁਖਬੀਰ ਬਾਦਲ ਨਿੱਜੀ ਤੌਰ &lsquoਤੇ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨਅਤੇ ਪੜਤਾਲ ਦੌਰਾਨ ਉਨ੍ਹਾਂ ਨੇ ਇਹ ਮੰਨਿਆ ਸੀ ਕਿ ਜਦੋਂ ਬਹਿਬਲ ਕਾਂਡ ਵਾਪਰਿਆ ਉਸ ਸਮੇਂ ਉਹ ਪੰਜਾਬ ਵਿੱਚ ਨਹੀਂ ਸੀ। ਸੂਤਰਾਂ ਮੁਤਾਬਕ ਸੁਖਬੀਰ ਬਾਦਲ ਅੱਠ ਲੈ ਕੇ 14 ਅਕਤੂਬਰ, 2015 ਤੱਕ ਪੰਜਾਬ ਵਿੱਚ ਨਹੀਂ ਸਨ। ਇਹ ਗੱਲ ਸੁਖਬੀਰ ਬਾਦਲ ਨੇ ਮੰਨੀ ਸੀ ਪਰ ਜਾਂਚ ਟੀਮ ਨੂੰ ਅਜੇ ਤੱਕ ਇਸ ਗੱਲ ਬਾਰੇ ਪੂਰੀ ਸੂਚਨਾ ਨਹੀਂ ਕਿ ਸੁਖਬੀਰ ਦੇ ਅਕਤੂਬਰ 2015 ਦੇ ਪੂਰੇ ਰੁਝੇਵੇਂ ਕੀ ਸਨ ਤੇ ਉਹ ਪੰਜਾਬ ਤੋਂ ਬਾਹਰ ਕਿੱਥੇ-ਕਿੱਥੇ ਤੇ ਕਿਸ ਮਕਸਦ ਲਈ ਗਏ ਤੇ ਇਸ ਸਮੇਂ ਦੌਰਾਨ ਸੁਖਬੀਰ ਬਾਦਲ ਦੀਆਂ ਮੁਲਾਕਾਤਾਂ ਕਿਸ-ਕਿਸ ਨਾਲ ਹੋਈਆਂ।
ਜਾਂਚ ਟੀਮ ਵੱਲੋਂ ਤਲਬ ਕੀਤੇ ਗਏ ਹੁਣ ਤੱਕ 200 ਤੋਂ ਵੱਧ ਗਵਾਹਾਂ ਦੇ ਬਿਆਨ ਲਿਖਣ ਤੋਂ ਬਾਅਦ ਇੱਕ ਇਹ ਤੱਥ ਸਾਹਮਣੇ ਆਇਆ ਹੈ ਕਿ ਡੇਰਾ ਮੁਖੀ ਦੀ ਫਿਲਮ ਰਿਲੀਜ਼ ਕਰਵਾਉਣ ਤੇ ਉਸ ਨੂੰ ਮੁਆਫ਼ੀ ਦੇਣ ਵਿੱਚ ਸੁਖਬੀਰ ਸਿੰਘ ਬਾਦਲ ਤੇ ਅਦਾਕਾਰ ਅਕਸ਼ੈ ਕੁਮਾਰ ਦਰਮਿਆਨ ਮੀਟਿੰਗਾਂ ਹੋਈਆਂ ਸਨ ਤੇ ਅਕਸ਼ੈ ਕੁਮਾਰ ਨੇ ਇਸ ਵਿੱਚ ਵਿਚੋਲਗੀ ਕੀਤੀ ਸੀ। ਜਾਂਚ ਟੀਮ ਬਹਿਬਲ ਕਾਂਡ ਤੇ ਬੇਅਦਬੀ ਕਾਂਡ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਤੇ ਉਸ ਦੀ ਫਿਲਮ ਰਿਲੀਜ਼ ਕਰਵਾਉਣ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ।