image caption:

ਪ੍ਰਿਅੰਕਾ ਗਾਂਧੀ ਦੇ ਬੁਲਾਉਂਦਿਆਂ ਹੀ ਠੀਕ ਹੋਇਆ ਸਿੱਧੂ ਦਾ ਗਲਾ, ਸਿਆਸੀ ਡਰਾਮਾ ਕਰਨ ਦੀ ਛਿੜੀ ਚਰਚਾ

ਬਠਿੰਡਾ: ਪਰਸੋਂ ਸਿੱਧੂ ਦੇ ਦਫ਼ਤਰ ਤੋਂ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਗਿਆ ਸੀ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੋਕਲ ਕੌਰਡਸ ਖਰਾਬ ਹੋਣ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ 4 ਦਿਨਾਂ ਤਕ ਆਰਾਮ ਕਰਨ ਲਈ ਕਿਹਾ ਹੈ ਪਰ ਅਗਲੇ ਹੀ ਦਿਨ, ਯਾਨੀ ਕੱਲ੍ਹ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ਵਿੱਚ ਸਿੱਧੂ ਨੇ ਜਿਸ ਗਰਮਜੋਸ਼ੀ ਨਾਲ ਤੇ ਚੀਕ-ਚੀਕ ਕੇ ਲੋਕਾਂ ਨੂੰ ਸੰਬੋਧਨ ਕੀਤਾ, ਉਸ ਨੂੰ ਵੇਖ ਲੋਕ ਵੀ ਹੈਰਾਨ ਰਹਿ ਗਏ। ਹੁਣ ਚਰਚਾਵਾਂ ਹੋ ਰਹੀਆਂ ਹਨ ਕਿ ਕਿਤੇ ਸਿੱਧੂ ਸਿਆਸੀ ਡਰਾਮਾ ਤਾਂ ਨਹੀਂ ਖੇਡ ਰਹੇ।
ਦੱਸ ਦੇਈਏ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ ਹਨ। ਮਗਰੋਂ ਸੁਨੀਲ ਜਾਖੜ ਦੇ ਹੱਕ ਵਿੱਚ ਪਠਾਨਕੋਟ 'ਚ ਰੋਡ ਸ਼ੋਅ ਵੀ ਕੀਤਾ। ਦੋਵੇਂ ਥਾਈਂ ਸਿੱਧੂ ਉਨ੍ਹਾਂ ਨਾਲ ਮੌਜੂਦ ਰਹੇ।
ਬਠਿੰਡਾ ਰੈਲੀ ਵਿੱਚ ਸਿੱਧੂ ਨੇ ਕਿਹਾ ਕਿ ਉਹ ਪ੍ਰਿਅੰਕਾ ਦੇ ਬੁਲਾਉਣ 'ਤੇ ਆਏ ਹਨ। 17 ਮਈ ਨੂੰ ਰਾਜਾ ਵੜਿੰਗ ਕਹਿਣਗੇ ਤਾਂ ਬਠਿੰਡਾ ਵਿੱਚ 10 ਰੈਲੀਆਂ ਕਰਨਗੇ। ਉਨ੍ਹਾਂ ਗਰਮਜੋਸ਼ੀ ਨਾਲ ਕਿਹਾ ਕਿ ਉਹ ਅਕਾਲੀਆਂ ਦਾ ਤਖ਼ਤਾ ਪਲਟਾ ਦੇਣਗੇ। ਉਨ੍ਹਾਂ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਤੇ ਇਹ ਨਾ ਕਰਨ 'ਤੇ ਸਿਆਸਤ ਛੱਡਣ ਦਾ ਪ੍ਰਣ ਵੀ ਲਿਆ।