image caption:

ਵੱਡੇ ਬਾਦਲ ਨੇ ਝੋਲੀ ਫੈਲਾ ਕੇ ਪੁੱਤ ਸੁਖਬੀਰ ਲਈ ਮੰਗੀਆਂ ਵੋਟਾਂ

ਫਿਰੋਜ਼ਪੁਰ: ਲੋਕ ਸਭਾ ਚੋਣਾਂ ਦੇ ਚੱਲਦਿਆਂ ਅੱਜ ਪਰਕਾਸ਼ ਸਿੰਘ ਬਾਦਲ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਪਹੁੰਚੇ। ਇੱਥੇ ਉਨ੍ਹਾਂ ਕਈ ਰੈਲੀਆਂ ਨੂੰ ਸੰਬੋਧਨ ਕੀਤਾ ਤੇ ਝੋਲੀ ਫੈਲਾ ਕੇ ਲੋਕਾਂ ਨੂੰ ਸੁਖਬੀਰ ਬਾਦਲ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਪਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਜਵਾਹਰਲਾਲ ਨਹਿਰੂ ਤੋਂ ਲੈ ਕੇ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਰਾਹੁਲ ਗਾਂਧੀ ਤਕ ਕਈ ਟਿੱਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਰਾਹੁਲ ਕਦੀ ਵੀ ਕਿਸੇ ਸਰਕਾਰ ਜਾਂ ਸੂਬੇ ਵਿੱਚ ਕਿਸੇ ਮੰਤਰੀ ਦੇ ਅਹੁਦੇ ਤਕ ਵੀ ਨਹੀਂ ਰਹੇ। ਰਾਹੁਲ ਗਾਂਧੀ ਨੂੰ ਕੋਈ ਤਜਰਬਾ ਨਹੀਂ ਹੈ। ਲੋਕ ਸਿਰਫ ਮੋਦੀ ਨੂੰ ਹੀ ਪਸੰਦ ਕਰਦੇ ਹਨ। ਉਨ੍ਹਾਂ ਰੱਜ ਕੇ ਮੋਦੀ ਸਰਕਾਰ ਦੀ ਤਾਰੀਫ ਕੀਤੀ।

ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਲਈ ਬਹੁਤ ਕੰਮ ਕੀਤੇ ਹਨ। ਉਹ 4 ਵਾਰ ਗੁਜਰਾਤ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਬਹੁਤ ਤਜਰਬਾ ਵੀ ਹੈ। ਇਸੇ ਦੌਰਾਨ ਨਵਜੋਤ ਕੌਰ ਸਿੱਧੂ ਵੱਲੋਂ ਦਿੱਤੇ ਬਿਆਨ ਕਿ ਉਨ੍ਹਾਂ ਨੂੰ ਆਸ਼ਾ ਕੁਮਾਰੀ ਤੇ ਕੈਪਟਨ ਦੀ ਵਜ੍ਹਾ ਕਰਕੇ ਟਿਕਟ ਨਹੀਂ ਮਿਲੀ, ਬਾਰੇ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਬਿਆਨ ਉਹੀ ਲੋਕ ਦਿੰਦੇ ਹਨ, ਜੋ ਆਪਣੀ ਪਾਰਟੀ ਪ੍ਰਤੀ ਗੰਭੀਰ ਨਹੀਂ ਹੁੰਦੇ।