image caption:

ਹੁਣ ਮਮਤਾ ਨੇ EC ਨੂੰ ਦੱਸਿਆ ਭਾਜਪਾ ਦਾ ਭਰਾ, ਕਿਹਾ- BJP ਹੱਥੋਂ ਵਿਕਿਆ ਹੋਇਆ ਹੈ ਚੋਣ ਕਮਿਸ਼ਨ

ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਨੀਤੀ 'ਚ ਹੰਗਾਮਾ ਹਾਲੇ ਵੀ ਜਾਰੀ ਹੈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਹਿੰਸਾ ਅਤੇ ਹੰਗਾਮਾ ਖ਼ਤਮ ਕਰਨ ਲਈ ਬੁੱਧਵਾਰ ਨੂੰ ਸਖ਼ਤ ਕਦਮ ਚੁੱਕਿਆ ਸੀ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਇਕ ਦਿਨ ਪਹਿਲਾਂ ਯਾਨੀ ਵੀਰਵਾਰ 16 ਮਈ ਦੀ ਰਾਤ 10 ਵਜੇ ਤਕ ਚੋਣ ਪ੍ਰਚਾਰ ਖ਼ਤਮ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਮੀਦ ਕੀਤੀ ਜਾ ਰਹੀ ਸੀ ਕਿ ਇਸ ਤੋਂ ਬਾਅਦ ਪੱਛਮੀ ਬੰਗਾਲ ਦੇ ਸਿਆਸੀ ਹਾਲਾਤ ਸਥਿਰ ਹੋਣਗੇ, ਪਰ ਅਜਿਹਾ ਹੁੰਦਾ ਦਿਸ ਨਹੀਂ ਰਿਹਾ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਕੇਂਦਰ ਸਰਕਾਰ 'ਤੇ ਹਮਲਾ ਬੋਲ ਰਹੀ ਹੈ। ਹੁਣ ਪੱਛਮੀ ਬੰਗਾਲ ਵਿਚ ਇਕ ਦਿਨ ਪਹਿਲਾਂ ਚੋਣ ਪ੍ਰਚਾਰ ਖ਼ਤਮ ਕਰਨ ਦਾ ਹੁਕਮ ਜਾਰੀ ਕਰਨ 'ਤੇ ਮਮਤਾ ਨੇ ਚੋਣ ਕਮਿਸ਼ਨ ਨੂੰ ਲੈ ਕੇ ਵੀ ਵਿਵਾਦਤ ਟਿੱਪਣੀ ਕੀਤੀ ਹੈ। ਮਮਤਾ ਇਸ ਤੋਂ ਪਹਿਲਾਂ ਵੀ ਚੋਣ ਕਮਿਸ਼ਨ ਦੀ ਭਾਜਪਾ ਨਾਲ ਗੰਢਤੁੱਪ ਦੇ ਦੋਸ਼ ਲਗਾਉਂਦੇ ਹੋਏ ਕਈ ਵਾਰ ਹਮਲਾ ਬੋਲ ਚੁੱਕੀ ਹੈ।
ਇਸ ਵਾਰੀ ਮਮਤਾ ਬੈਨਰਜੀ ਨੇ ਸਾਰੀਆਂ ਹੱਦਾਂ ਤੋੜ ਕੇ ਚੋਣ ਕਮਿਸ਼ਨ ਨੂੰ BJP ਦਾ ਭਰਾ ਦੱਸਿਆ। ਉਨ੍ਹਾਂ ਪੱਛਮੀ ਬੰਗਾਲ ਦੇ ਦੱਖਮੀ 24 ਪਰਗਨਾ ਸਥਿਤ ਮਥੁਰਾਪੁਰ 'ਚ ਕਿਹਾ, 'ਬੀਤੀ ਰਾਤ ਸਾਨੂੰ ਪਤਾ ਚੱਲਿਆ ਕਿ ਭਾਜਪਾ ਨੇ ਚੋਣ ਕਮਿਸ਼ਨ ਵਿਚ ਇਕ ਸ਼ਿਕਾਇਤ ਦਰਜ ਕਰਵਾਈ ਹੈ। ਨਰਿੰਦਰ ਮੋਦੀ ਨਾਲ ਚੋਣ ਕਮਿਸ਼ਨ ਦੀ ਮੀਟਿੰਗ ਹੋਣ ਤੋਂ ਬਾਅਦ ਸਾਡਾ ਕਮਿਸ਼ਨ ਨਾਲ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਸੀ ਕਿਉਂਕਿ ਚੋਣ ਕਮਿਸ਼ਨ ਅਤੇ ਭਾਜਪਾ ਭਰਾ-ਭਰਾ ਹਨ। ਹੁਣ ਤਕ ਚੋਣ ਕਮਿਸ਼ਨ ਇਕ ਪੱਖਪਾਤੀ ਸੰਸਥਾ ਸੀ। ਹੁਣ ਪੂਰਾ ਦੇਸ਼ ਕਹਿ ਰਿਹਾ ਹੈ ਕਿ ਚੋਣ ਕਮਿਸ਼ਨ ਭਾਜਪਾ ਹੱਥੋਂ ਵਿਕਿਆ ਹੋਇਆ ਹੈ।'