image caption:

ਪੀਐੱਮ ਮੋਦੀ ਨੇ ਕਿਹਾ- ਅੱਠ-ਦਸ ਸੀਟਾਂ ਵਾਲੇ ਵੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਹਨ

ਚੰਦੌਲੀ: ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ 'ਚ ਹੋਣ ਵਾਲੀਆਂ ਚੋਣਾਂ ਸਬੰਧੀ ਉੱਤਰ ਪ੍ਰਦੇਸ਼ 'ਚ ਪੀਐੱਮ ਨਰਿੰਦਰ ਮੋਦੀ ਚੰਦੌਲੀ 'ਚ ਭਾਜਪਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਡਾ. ਮਹੇਂਦਰ ਨਾਥ ਪਾਂਡੇ ਦੇ ਹੱਕ 'ਚ ਵਿਜੈ ਸੰਕਲਪ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ।
ਪੀਐੱਮ ਨਰਿੰਦਰ ਮੋਦੀ ਨੇ ਥਾਨਾਪੁਰ 'ਚ ਮੰਚ ਤੋਂ ਕਿਹਾ ਕਿ ਉਹ ਦੇਖ ਰਹੇ ਹਨ ਕਿ ਉੱਤਰ ਪ੍ਰਦੇਸ਼ ਨਾਲ ਦੇਸ਼ 'ਚ ਕੀ ਹਾਲ ਹੈ। ਮਹਾਮਿਲਾਵਟੀ ਲੋਕ ਪਰੇਸ਼ਾਨ ਹਨ। ਬੁਰੀ ਤਰ੍ਹਾਂ ਹਾਰ ਤੈਅ ਦੇਖ ਸਪਾ, ਬਸਪਾ ਸਮੇਤ ਤਮਾਮ ਮਹਾਮਿਲਵਾਟੀ ਅੱਜ ਪੂਰੀ ਤਰ੍ਹਾਂ ਪਸਤ ਹਨ। ਉਨ੍ਹਾਂ ਨੇ ਮੋਦੀ ਹਟਾਓ ਨਾਲ ਮੁਹਿੰਮ ਸ਼ੁਰੂ ਕੀਤੀ ਸੀ। ਬੇਂਗਲੁਰੂ 'ਚ ਇਕ ਮੰਚ 'ਤੇ ਇਕ ਦੂਸਰੇ ਦੇ ਹੱਥ ਫੜ੍ਹ ਕੇ ਫੋਟੋ ਖਿਚਵਾਈ ਸੀ। ਉਸ ਤੋਂ ਬਾਅਦ ਜਿਵੇਂ ਹੀ ਪ੍ਰਧਾਨ ਮੰਤਰੀ ਬਣਨ ਦੀ ਗੱਲ ਆਈ ਤਾਂ ਆਪਣਾ-ਆਪਣਾ ਦਾਅਵਾ ਲੈ ਕੇ ਆਪਣੀ-ਆਪਣੀ ਡਫਲੀ ਵਜਾਉਣ ਲੱਗੇ। ਇੱਥੇ ਤਾਂ ਅੱਠ ਸੀਟਾਂ ਵਾਲਾ, ਦਸ ਸੀਟਾਂ ਵਾਲਾ, 20-22 ਸੀਟਾਂ ਵਾਲਾ, 30-35 ਸੀਟਾਂ ਵਾਲਾ ਵੀ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਦੇਖਣ ਲੱਗਾ ਹੈ। ਇਸ ਦੇ ਉੱਤਰ 'ਚ ਦੇਸ਼ ਨੇ ਕਿਹਾ- ਫਿਰ ਇਕ ਵਾਰ, ਮੋਦੀ ਸਰਕਾਰ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਗ਼ਰੀਬ ਦੀ ਗੱਲ ਸੁਣ ਰਹੀ ਹੈ। ਗ਼ਰੀਬ ਨੂੰ ਆਪਣਾ ਘਰ ਮਿਲਦਾ ਹੈ, ਪਖਾਨਾ, ਇਲਾਜ, ਬਿਜਲੀ ਤੇ ਸੜਕ ਮਿਲਦੀ ਹੈ ਤੇ ਵਿਕਾਸ ਦਾ ਵਿਸ਼ਵਾਸ ਹੁੰਦਾ ਹੈ। ਨੌਜਵਾਨ ਅੱਜ ਮੋਦੀ ਨਾਲ ਖੜ੍ਹੇ ਹਨ। ਸਭ ਦਾ ਸਾਥ ਸਭ ਦਾ ਵਿਕਾਸ ਇਹ ਸਾਡਾ ਮੰਤਰ ਹੈ। ਸਭ ਦੀ ਸੁਰੱਖਿਆ ਸਭ ਦਾ ਸਨਮਾਨ ਇਹ ਸਾਡਾ ਪ੍ਰਣ ਹੈ। ਉਨ੍ਹਾਂ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਸਹਾਇਤਾ ਭੇਜਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ 23 ਮਈ ਨੂੰ ਫਿਰ ਇਕ ਵਾਰ ਮੋਦੀ ਸਰਕਾਰ ਹੋਵੇਗੀ ਤਾਂ ਯੂਪੀ ਦੇ ਹਰ ਕਿਸਾਨ ਪਰਿਵਾਰ ਨੂੰ ਇਹ ਮਦਦ ਮਿਲਣੀ ਸ਼ੁਰੂ ਹੋ ਜਾਵੇਗੀ। ਕੁਝ ਲੋਕ ਝੂਠ ਫੈਲਾਉਂਦੇ ਹਨ।
ਮੋਦੀ ਨੇ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਖਾਤਿਆ 'ਚ ਜੋ ਪੈਸਾ ਹੈ ਉਹ ਉਨ੍ਹਾਂ ਦੇ ਹੱਕ ਦਾ ਹੈ। ਉਸ ਨੂੰ ਕਦੀ ਵਾਪਸ ਨਹੀਂ ਲਿਆ ਜਾ ਸਕਦਾ। ਇਹ ਝੂਠ ਫੈਲਾਇਆ ਜਾ ਰਿਹਾਹੈ ਕਿ ਵਾਪਸ ਹੋ ਜਾਵੇਗਾ। ਕਿਸੇ ਦੇ ਦਰਵਾਜ਼ੇ 'ਤੇ ਨਾ ਜਾਣਾ ਪਵੇ ਇਸ ਲਈ ਚੌਕੀਦਾਰ ਤੁਹਾਡੇ ਖ਼ਾਤੇ 'ਚ ਪੈਸਾ ਜਮ੍ਹਾ ਕਰ ਰਿਹਾ ਹੈ। ਛੋਟੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਲਈ ਅਜਿਹੀ ਯੋਜਨਾ ਬਣਾਈ ਜਾ ਰਹੀ ਹੈ ਕਿ ਹਰ ਮਹੀਨੇ ਸੱਠ ਸਾਲ ਬਾਅਦ ਪੈਨਸ਼ਨ ਮਿਲੇ।