image caption:

ਜਾਖੜ ਦੇ ਬੋਲ ਵਿਕਾਸ ਦੀ ਕਰੋ ਗੱਲ ਨਲਕਾ ਮੋਢੇ ਰੱਖ ਨ੍ਹੀਂ ਹੋਣੇ ਮਸਲੇ ਹੱਲ

ਗੁਰਦਾਸਪੁਰ : ਸੁਨੀਲ ਜਾਖੜ ਆਪਣੀ ਪਠਾਨਕੋਟ ਸਥਿਤ ਰਿਹਾਇਸ਼ 'ਤੇ ਰੋਜ਼ਾਨਾ ਵਾਂਗ ਸਵੇਰੇ ਕਰੀਬ 6 ਵਜੇ ਉੱਠਦੇ ਹਨ। ਤਿਆਰ ਹੋ ਕੇ ਸਵੇਰੇ ਸਾਢੇ 6 ਵਜੇ ਨਾਸ਼ਤਾ ਕਰਨ ਬੈਠਦੇ ਹਨ ਤਾਂ ਨਾਲ ਡਾਇਰੀ ਲੈ ਕੇ ਉਨ੍ਹਾਂ ਦਾ ਪੀਏ ਬੈਠ ਜਾਂਦਾ ਹੈ। ਨਾਸ਼ਤਾ ਕਰਦੇ-ਕਰਦੇ ਸੁਨੀਲ ਜਾਖੜ ਪੂਰੇ ਦਿਨ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਲੈਂਦੇ ਹਨ। ਪੀਏ ਵੱਲੋਂ ਪੂਰਾ ਦਿਨ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ, ਰੈਲੀਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਪਰੰਤ ਉਹ ਗੱਡੀ 'ਚ ਸਵਾਰ ਹੋ ਕੇ ਗੁਰਦਾਸਪੁਰ ਲਈ ਨਿਕਲ ਜਾਂਦੇ ਹਨ ਤੇ ਕਰੀਬ 8 ਵਜੇ ਗੁਰਦਾਸਪੁਰ ਸਥਿਤ ਦਫਤਰ 'ਚ ਪੁੱਜਦੇ ਹਨ।
ਕੁੱਝ ਦੇਰ ਬਾਅਦ ਗੁਰਦਾਸਪੁਰ ਦੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਉਥੇ ਪਹੁੰਚ ਜਾਂਦੇ ਹਨ। ਦਿਨ ਦੇ ਪ੍ਰੋਗਰਾਮਾਂ ਦੇ ਆਧਾਰ 'ਤੇ ਚਰਚਾ ਸ਼ੁਰੂ ਹੁੰਦੀ ਹੈ ਅਤੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਉਮੀਵਦਾਰਾਂ ਖਾਸ ਕਰ ਸੰਨੀ ਦਿਓਲ ਦੇ ਚੋਣ ਪ੍ਰੋਗਰਾਮ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ। ਵਿਧਾਇਕ ਪਾਹੜਾ ਅਤੇ ਸੁਨੀਲ ਜਾਖੜ ਬੰਦ ਕਮਰੇ 'ਚ ਕਰੀਬ ਅੱਧਾ ਘੰਟਾ ਚੋਣ ਮੁਹਿੰਮ ਨਾਲ ਜੁੜੇ ਸਿਆਸੀ ਪਹਿਲੂਆਂ ਬਾਰੇ ਚਰਚਾ ਕਰਦੇ ਹਨ।
ਕੁਝ ਦੇਰ ਬਾਅਦ ਆਮ ਲੋਕ ਤੇ ਕਾਂਗਰਸੀ ਵਰਕਰ ਸੁਨੀਲ ਜਾਖੜ ਨਾਲ ਗੱਲਬਾਤ 'ਚ ਰੁੱਝ ਜਾਂਦੇ ਹਨ। ਇਹ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਦਿਨ ਦੀ ਸ਼ੁਰੂਆਤ। 'ਪੰਜਾਬੀ ਜਾਗਰਣ' ਦੇ ਪ੍ਰਤੀਨਿਧੀ ਵੱਲੋਂ ਪੂਰਾ ਦਿਨ ਸੁਨੀਲ ਜਾਖੜ ਨਾਲ ਗੁਜ਼ਾਰਿਆ ਗਿਆ। ਇਸ ਦੌਰਾਨ ਕਈ ਪਹਿਲੂ ਉਜਾਗਰ ਹੋਏ।