image caption: ਦਿੱਲੀ ਅਤੇ ਉਨ੍ਹਾਂ ਦੇ ਆਸ-ਪਾਸ ਦੇ ਰਾਜਾਂ ਵਿੱਚ ਨਵੰਬਰ 1984 ਦਾ ਸਿੱਖ ਕਤਲ-ਏ-ਆਮ

ਕਦੋਂ ਤਕ ਕੁਰੇਦੇ ਜਾਂਦੇ ਰਹਿਣਗੇ ਚੁਰਾਸੀ ਦੇ ਜ਼ਖਮ?

ਲੇਖਕ -ਜਸਵੰਤ ਸਿੰਘ 'ਅਜੀਤ'


  ਬੀਤੇ ਪੈਂਤੀ ਵਰ੍ਹਿਆਂ ਤੋਂ ਜਦੋਂ ਕਦੀ ਵੀ ਚੋਣਾਂ, ਭਾਵੇਂ ਲੋਕਸਭਾ ਦੀਆਂ ਹੋਣ ਜਾਂ ਵਿਧਾਨਸਭਾ ਜਾਂ ਨਗਰਨਿਗਮ ਦੀਆਂ, ਦਾ ਸਮਾਂ ਆਉਂਦਾ ਹੈ, ਪੰਜਾਬ, ਦਿੱਲੀ ਅਤੇ ਉਨ੍ਹਾਂ ਦੇ ਆਸ-ਪਾਸ ਦੇ ਰਾਜਾਂ ਵਿੱਚ ਨਵੰਬਰ-੮੪ ਦੇ ਸਿੱਖ ਕਤਲ-ਏ-ਆਮ ਦਾ ਮੁੱਦਾ ਤੁਰਪ ਦਾ ਪੱਤਾ ਬਣ ਉਭਰ ਆਉਂਦਾ ਹੈ। ਇਸਨੂੰ ਉਛਾਲ, ਸਿੱਖਾਂ ਦੀਆਂ ਆਹਤ ਭਾਵਨਾਵਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਦੇ ਨਾਲ ਖਿਲਵਾੜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਕਦੀ ਵੀ ਇਹ ਨਹੀਂ ਸੋਚਿਆ ਜਾਂਦਾ ਕਿ ਰਾਜਨੀਤਕ ਸਵਾਰਥ ਦੀਆਂ ਰੋਟੀਆਂ ਸੇਕਣ ਲਈ, ਇਸ ਮੁੱਦੇ ਨੂੰ ਉਛਾਲੇ ਜਾਣ ਨਾਲ ਚੁਰਾਸੀ ਦੇ ਉਨ੍ਹਾਂ ਪੀੜਤਾਂ ਦੇ ਭਰੇ ਜਾ ਰਹੇ ਜ਼ਖਮ ਕੁਰੇਦੇ ਜਾਂਦੇ ਹਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਰਿਵਾਰ ਦੇ ਜੀਆਂ ਨੂੰ ਗਲ ਵਿੱਚ ਟਾਇਰ ਪਾ, ਜਵਲਣਸ਼ੀਲ (ਪਟਰੋਲ ਆਦਿ) ਪਦਾਰਥ ਛਿੜਕ, ਅੱਗ ਲਾ ਸਾੜਿਆਂ ਜਾਂਦਾ ਅਤੇ ਉਨ੍ਹਾਂ ਨੂੰ ਸੜਦਿਆਂ-ਤੜਪਦਿਆਂ ਚੀਖਦਿਆਂ ਮੌਤ ਦਾ ਸ਼ਿਕਾਰ ਹੁੰਦਿਆਂ ਵੇਖਿਆ ਹੁੰਦਾ ਹੈ, ਪ੍ਰੰਤੂ ਇਸ ਸਭ ਕੁਝ ਨੂੰ ਵਾਪਰਦਿਆਂ ਆਪਣੀਆਂ ਅੱਖਾਂ ਨਾਲ ਵੇਖਦਿਆਂ ਹੋਇਆ ਵੀ ਆਪਣੇ ਜਾਨਾਂ ਤੋਂ ਵੀ ਵੱਧ ਪਿਆਰਿਆਂ ਨੂੰ ਬਚਾਣ ਲਈ ਕੁਝ ਵੀ ਨਹੀਂ ਕਰ ਸਕੇ ਹੁੰਦੇ। ਇਸੇ ਕਸਕ ਨੂੰ ਦਿਲ ਵਿੱਚ ਪਾਲੀ ਜੀਅ ਰਹੇ ਨਵੰਬਰ-੮੪ ਦੇ ਇੱਕ ਪੀੜਤ ਦੇ ਸ਼ਬਦਾਂ ਵਿੱਚ 'ਦੁਸ਼ਮਣਾਂ ਨੇ ਤਾਂ ਇੱਕ ਵਾਰ ਸਾਡੇ ਸੀਨਿਆਂ ਵਿੱਚ ਨਸ਼ਤਰ ਖੋਭਿਆ ਸੀ, ਪ੍ਰੰਤੂ ਤੁਹਾਡੇ ਵਰਗੇ ਰਾਜਨੀਤਕ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਸੈਂਕੜੇ ਵਾਰ ਨਸ਼ਤਰ ਲੈ ਸਾਡੇ ਭਰੇ ਜਾ ਰਹੇ ਜ਼ਖਮਾਂ ਨੂੰ ਆ ਕੁਰੇਦਿਆ ਹੈ। ਤੁਸੀਂ ਲੋਕੀ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਨਾਲ ਉਠਣ ਵਾਲੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁਕਣ ਹੀ ਦਿੰਦੇ ਹੋ। ਤੁਹਾਨੂੰ ਕੀ ਪਤੈ ਕਿ ਹਰ ਸਾਲ (ਨਵੰਬਰ ਦੇ ਮਹੀਨੇ) ਅਤੇ ਪੰਜ ਸਾਲ ਬਾਅਦ (ਚੋਣਾਂ ਦੇ ਸਮੇਂ) ਇੱਕ ਵਾਰ ਆ, ਤੁਸੀਂ ਜੋ ਜ਼ਖਮ ਕੁਰੇਦ ਜਾਂਦੇ ਹੋ, ਉਨ੍ਹਾਂ ਦੇ ਦਰਦ ਨਾਲ ਉਠਣ ਵਾਲੀਆਂ ਚੀਸਾਂ ਨੂੰ ਸਹਿੰਦਿਆਂ ਅਸੀਂ ਕਦੋਂ ਤਕ ਅਥਰੂ ਵਹਾਂਦੇ ਰਹਿੰਦੇ ਹਾਂ?'

ਇਸਦੇ ਨਾਲ ਇਹ ਸੁਆਲ ਵੀ ਉਠਦਾ ਹੈ ਕਿ ਜੋ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਮੁਖੀ ਹਰ ਸਾਲ ਨਵੰਬਰ ਵਿੱਚ ਅਤੇ ਹਰ ਚੋਣ ਦੇ ਸਮੇਂ ਇਸ ਮੁੱਦੇ ਨੂੰ ਉਛਾਲ ਆਪਣੇ ਰਾਜਨੀਤਕ ਸਵਾਰਥ ਦੀਆਂ ਰੋਟੀਆਂ ਸੇਕਦੇ ਚਲੇ ਆ ਰਹੇ ਹਨ, ਉਨ੍ਹਾਂ ਵਿੱਚੋਂ ਕਿਸੇ ਨੇ ਕਦੀ ਵੀ ਇਨ੍ਹਾਂ ਪੈਂਤੀ ਵਰ੍ਹਿਆਂ ਦੇ ਸਮੇਂ ਵਿੱਚ ਜਾ ਕੇ ਵੇਖਿਆ ਹੈ ਕਿ ਹਰ ਸਾਲ ਨਵੰਬਰ ਵਿੱਚ ਅਤੇ ਚੋਣਾਂ ਦੇ ਸਮੇਂ ਜਿਨ੍ਹਾਂ ਦੀਆਂ ਆਹਤ ਭਾਵਨਾਵਾਂ ਦਾ ਉਹ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਉਹ ਕਿਹੋ ਜਿਹਾ ਨਰਕੀ ਜੀਵਨ ਜੀਉਣ ਲਈ ਮਜਬੂਰ ਹੋ ਰਹੇ ਹਨ? ਉਨ੍ਹਾਂ ਕਦੀ ਵੀ ਉਨ੍ਹਾਂ ਦਾ ਜੀਵਨ ਸੰਵਾਰਨ ਜਾਂ ਉਨ੍ਹਾਂ ਨੂੰ ਸਨਮਾਨ-ਜਨਕ ਜੀਵਨ ਜੀਣ ਦੇ ਸਮਰਥ ਬਨਾਣ ਲਈ ਕੁਝ ਕੀਤਾ ਹੈ? ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵੀ ਉਨ੍ਹਾਂ ਨੂੰ ਸਨਮਾਨ-ਜਨਕ ਜੀਵਨ ਉਪਲਬੱਧ ਕਰਵਾਣ ਲਈ ਕੁਝ ਕਰਨ ਦੀ ਬਜਾਏ, ਉਨ੍ਹਾਂ ਦੀ ਆਪਣੇ ਪੁਰ ਨਿਰਭਰਤਾ ਬਣਾਈ ਰਖਣ ਲਈ ਕੁਝ ਪੀੜਤਾਂ ਨੂੰ ਮਾਸਕ ਪੈਨਸ਼ਨ ਦੇ ਨਾਂ 'ਤੇ ਨਕਦ ਆਰਥਕ ਅਤੇ ਰਾਸ਼ਨ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸਦੇ ਬਦਲੇ ਉਸਦੇ ਮੁੱਖੀ ਗੁਰਦੁਆਰਾ ਚੋਣਾਂ ਦੇ ਸਮੇਂ ਆਪਣੇ ਗੁਟ ਦੇ ਉਮੀਦਵਾਰਾਂ ਦੇ ਹਕ ਵਿੱਚ ਉਨ੍ਹਾਂ ਦਾ ਸਮਰਥਨ ਹਾਸਲ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਉਨ੍ਹਾਂ ਵਲੋਂ ਇਨ੍ਹਾਂ ਨੂੰ ਪ੍ਰਦਰਸ਼ਨਾਂ (ਮੁਜ਼ਾਹਰਿਆਂ) ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਲੋਕਸਭਾ / ਵਿਧਾਨਸਭਾ ਆਦਿ ਦੀਆਂ ਚੋਣਾਂ ਵਿੱਚ ਪਾਰਟੀ ਵਿਸ਼ੇਸ਼ ਦੇ ਹਕ ਵਿੱਚ ਭੁਗਤਾ, ਆਪਣੇ ਰਾਜਸੀ ਸਵਾਰਥ ਨੂੰ ਵੀ ਪੂਰਿਆਂ ਕੀਤਾ ਜਾਂਦਾ ਹੈ।

ਇਤਿਹਾਸ ਅਤੇ ਵਰਤਮਾਨ :

ਸਿੱਖ ਇਤਿਹਾਸ ਅਨੁਸਾਰ ਕਿਸੇ ਸਮੇਂ, ਜਦੋਂ ਸਿੱਖ ਗਰੀਬ-ਮਜ਼ਲੂਮ ਅਤੇ ਆਤਮ ਸਨਮਾਨ ਦੀ ਰਖਿਆ ਲਈ, ਜਬਰ-ਜ਼ੁਲਮ ਅਤੇ ਅਨਿਅਇ ਦੇ ਵਿਰੁਧ ਜੂਝਦਿਆਂ, ਜੰਗਲਾਂ-ਬੇਲਿਆਂ ਵਿੱਚ ਛੁਪ ਜੀਵਨ ਬਿਤਾਣ ਲਈ ਮਜਬੂਰ ਹੋ ਰਹੇ ਸਨ, ਉਸ ਸਮੇਂ ਕਈ ਮਰਾਸੀ (ਨਕਲਚੀ) ਦੁਸ਼ਮਣ ਹਾਕਮਾਂ ਦੇ ਕਹਿਣ 'ਤੇ ਉਨ੍ਹਾਂ ਦੇ ਦਰਬਾਰ ਵਿੱਚ ਜਾ ਸਿੱਖਾਂ ਦੇ ਸੰਕਟ ਭਰੇ ਜੀਵਨ ਦੀ ਝਲਕ ਵਿਖਾਣ ਲਈ ਸਿੱਖੀ ਸਰੂਪ ਧਾਰ ਸਿੱਖਾਂ ਦੀ ਨਕਲ ਉਤਾਰਿਆ ਕਰਦੇ ਸਨ। ਅਜਿਹਾ ਕਰਦਿਆਂ ਜਦੋਂ ਇਨਾਮ ਲੈਣ ਲਈ ਉਹ ਉਨ੍ਹਾਂ ਹਾਕਮਾਂ ਸਾਹਮਣੇ ਸਿਰ ਝੁਕਾਂਦੇ ਸਨ, ਤਾਂ ਸਿੱਖੀ ਸਰੂਪ ਵਿੱਚ ਸਿਰ ਤੇ ਬੰਨ੍ਹੀ ਪਗੜੀ, ਉਤਾਰ ਕੱਛ ਵਿੱਚ ਦਬਾ ਲਿਆ ਕਰਦੇ। ਜਦੋਂ ਹਾਕਮ ਵਲੋਂ ਉਨ੍ਹਾਂ ਪਾਸੋਂ ਇਸਦਾ ਕਾਰਣ ਪੁਛਿਆ ਜਾਂਦਾ ਤਾਂ ਉਹ ਆਖਦੇ ਕਿ ਇਹ ਪਗੜੀ ਉਨ੍ਹਾਂ ਸਿੱਖਾਂ ਦੀ ਹੈ, ਜਿਨ੍ਹਾਂ ਦਾ ਸਿਰ ਅਕਾਲ ਪੁਰਖ (ਪ੍ਰਮਾਤਮਾ) ਤੋਂ ਬਿਨਾਂ ਕਿਸੀ ਹੋਰ ਦੇ ਸਾਹਮਣੇ ਨਹੀਂ ਝੁਕਦਾ। ਪ੍ਰੰਤੂ ਅੱਜ ਕੀ ਹੋ ਰਿਹਾ ਹੈ?

 ਸਿੱਖਾਂ ਦੀਆਂ ਸਰਵੁੱਚ ਮੰਨੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਦੇ ਮੈਂਬਰ ਤਾਂ ਮੈਂਬਰ ਮੁੱਖੀ ਤਕ, ਲੋਕਸਭਾ, ਵਿਧਾਨਸਭਾ, ਨਗਰਨਿਗਮ ਆਦਿ ਦੀਆਂ ਚੋਣਾਂ ਵਿੱਚ ਨਿਜ-ਸਵਾਰਥ ਦੇ ਚਲਦਿਆਂ ਪਾਰਟੀ ਵਿਸ਼ੇਸ਼ ਦੇ ਉਮੀਦਵਾਰਾਂ ਦੇ ਸਮਰਥਕਾਂ ਦੀ ਭੀੜ ਦਾ ਹਿਸਾ ਬਣ, ਉਨ੍ਹਾਂ ਦੀਆਂ ਗਡੀਆਂ ਪਿਛੇ ਲਟਕ, ਸੜਕਾਂ, ਗਲੀਆਂ, ਮਹਲਿਆਂ, ਬਜ਼ਾਰਾਂ ਵਿੱਚ ਬਾਹਵਾਂ ਉਲਾਰ ਉਸਦੇ ਹਕ ਵਿੱਚ ਨਾਹਰੇ ਮਾਰਦੇ, ਸ਼ਰਮ ਮਹਿਸੂਸ ਨਹੀਂ ਕਰਦੇ। ਅਜਿਹਾ ਕਰਦਿਆਂ ਉਨ੍ਹਾਂ ਨੂੰ ਨਾ ਤਾਂ ਆਪਣੇ ਅਤੇ ਨਾ ਹੀ ਆਪਣੇ ਧਾਰਮਕ ਅਹੁਦੇ ਦੇ ਮਾਣ-ਸਨਮਾਨ ਤੇ ਸਤਿਕਾਰ ਦਾ ਖਿਆਲ ਰਹਿੰਦਾ ਹੈ। ਉਨ੍ਹਾਂ ਨੂੰ ਇਸ ਗਲ ਦੀ ਸਮਝ ਹੀ ਨਹੀਂ ਕਿ ਉਹ ਧਾਰਮਕ ਸਿੱਖ ਸੰਸਥਾ ਦੇ ਜਿਸ ਅਹੁਦੇ ਪੁਰ 'ਬਿਰਾਜਮਾਨ' ਹਨ, ਉਹ ਪਾਰਸ਼ਦਾਂ, ਵਿਧਾਇਕਾਂ ਅਤੇ ਸਾਂਸਦਾਂ ਦੇ ਅਹੁਦੇ ਨਾਲੋਂ ਕਿਤੇ ਬਹੁਤ ਹੀ ਉੱਚਾ ਅਤੇ ਸਨਮਾਨ-ਜਨਕ ਅਹੁਦਾ ਹੈ। ਜਿਸਦੀ ਮਾਣ-ਮਰਿਆਦਾ ਨੂੰ ਬਣਾਈ ਰਖਣਾ ਉਨ੍ਹਾਂ ਦਾ ਫਰਜ਼ ਹੀ ਨਹੀਂ, ਸਗੋਂ ਜ਼ਿਮੇਂਦਾਰੀ ਵੀ ਹੈ। ਉਹ ਇਹ ਵੀ ਨਹੀਂ ਸੋਚਦੇ-ਸਮਝਦੇ ਕਿ ਧਾਰਮਕ ਸਿੱਖ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ, ਮੂਲ ਰੂਪ ਵਿੱਚ ਭਾਵੇਂ ਕਿਸੇ ਵੀ ਰਾਜਸੀ ਜਾਂ ਗੈਰ-ਰਾਜਸੀ ਪਾਰਟੀੱ ਨਾਲ ਸੰਬੰਧਤ ਰਹੇ ਹੋਣ, ਜਦੋਂ ਉਹ ਕਿਸੇ ਧਾਰਮਕ ਸਿੱਖ ਸੰਸਥਾ ਜਾਂ ਜਥੇਬੰਦੀ ਦੀਆਂ ਪ੍ਰਬੰਧਕੀ ਜ਼ਿਮੇਂਦਾਰੀਆਂ ਸੰਭਾਲਦੇ ਹਨ, ਤਾਂ ਉਹ ਕਿਸੇ ਵੀ ਪਾਰਟੀ ਵਿਸ਼ੇਸ਼ ਦੇ ਪ੍ਰਤੀਨਿਧੀ ਨਾ ਰਹਿ, ਸਮੁਚੇ ਸਿੱਖ ਪੰਥ ਦੇ ਪ੍ਰਤੀਨਿਧ ਬਣ ਜਾਂਦੇ ਹਨ ਤੇ ਸੰਬੰਧਤ ਧਾਰਮਕ ਸਿੱਖ ਸੰਸਥਾ ਦੀਆਂ ਸਰਬ-ਸਾਂਝੀਵਾਲਤਾ ਪੁਰ ਅਧਾਰਤ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਪਾਲਣ ਉਨ੍ਹਾਂ ਦੀ ਪਹਿਲੀ ਜ਼ਿਮੇਦਾਰੀ ਬਣ ਜਾਂਦਾ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲਾਂ ਦੇ ਨਤੀਜੇ :

 ਬੋਰਡ ਦੇ ਇਮਤਿਹਾਨਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਕਈ ਸਕੂਲਾਂ ਨਤੀਜੇ ਬਹੁਤ ਚੰਗੇ ਆਉਣ 'ਤੇ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਬਗਲਾਂ ਵਜਾਈਆਂ ਗਈਆਂ ਅਤੇ ਇਸ ਸਫਲਤਾ ਦਾ ਸੇਹਰਾ ਆਪਣੇ ਸਿਰ ਬੰਨ੍ਹਣ ਲਈ ਜ਼ਮੀਨ-ਅਸਮਾਨ ਇੱਕ ਕਰ ਦਿੱਤਾ ਗਿਆ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪ੍ਰਬੰਧਕਾਂ ਦੇ ਸਿਰ ਨਹੀਂ, ਸਗੋਂ ਸਕੂਲਾਂ ਦੇ ਉਨ੍ਹਾਂ ਅਧਿਆਪਕਾਂ/ਅਧਿਆਪਕਾਵਾਂ ਦੇ ਸਿਰ ਬਝਦਾ ਹੈ, ਜਿਨ੍ਹਾਂ ਨੇ ਪ੍ਰਬੰਧਕਾਂ ਵਲੋਂ ਦੋ-ਦੋ, ਤਿੰਨ-ਤਿੰਨ ਮਹੀਨੇ ਤਨਖਾਹ ਨਾ ਦੇ, ਆਪਣੇ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਆਪਣੀਆਂ ਪ੍ਰੇਸ਼ਾਨੀਆਂ ਨੂੰ ਵਿਦਿਆਰਥੀਆਂ ਪ੍ਰਤੀ ਆਪਣੇ ਫਰਜ਼ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਨਿਆਇ ਵਿਰੁਧ ਆਪਣੇ ਸੰਘਰਸ਼ ਨੂੰ ਵੀ ਲਗਾਤਾਰ ਜਾਰੀ ਰਖਿਆ। ਸਲਾਮ ਹੈ! ਉਨ੍ਹਾਂ ਅਧਿਆਪਕਾਂ/ਅਧਿਆਪਕਾਵਾਂ ਨੂੰ, ਜਿਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਨਿਆਇ ਨੂੰ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਆਪਣੀ ਜ਼ਿਮੇਂਦਾਰੀ ਨੂੰ ਪ੍ਰਭਾਵਤ ਨਹੀਂ ਹੋਣ ਦਿੱਤਾ।  

...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਪੰਜਾਬੀ ਦੇ ਇੱਕ ਪ੍ਰਮੁਖ ਮੀਡੀਆ ਗਰੁਪ ਦੇ ਚੰਡੀਗੜ੍ਹ ਸਥਿਤ ਮੁਖੀ ਹਰਕਵਲਜੀਤ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਖੁਲਾਸਾ ਕੀਤਾ ਕਿ ਪੰਜਾਬ ਵਿੱਚਲੀਆਂ ਲੋਕਸਭਾ ਚੋਣਾਂ ਵਿੱਚ ਕੈਪਟਨ ਅਤੇ ਬਾਦਲ ਵਿੱਚ ਹੋਏ ਅਖੌਤੀ ਗਠਜੋੜ ਦੀ ਚਲ ਰਹੀ ਚਰਚਾ ਕਾਂਗ੍ਰਸ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਉਨ੍ਹਾਂ ਅਨੁਸਾਰ ਕਈ ਕਾਂਗ੍ਰਸੀ ਉਮੀਦਵਾਰਾਂ ਨੇ ਹਾਈਕਮਾਨ ਕੋਲ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਪਾਰਟੀ ਕੇਡਰ ਦਾ ਪੂਰਾ ਸਹਿਯੋਗ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਦਾ ਸ਼ਹਿਰੀ ਮਤਦਾਤਾ ਅਤੇ ਵਰਕਰ, ਜੋ ਪਿਛਲੀਆਂ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨਾਲੋਂ ਟੁੱਟ ਕਾਂਗ੍ਰਸ ਨਾਲ ਚਲਾ ਗਿਆ ਸੀ, ਉਹ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਵਲ ਵਾਪਸ ਮੁੜ ਗਿਐ। ਉਨ੍ਹਾਂ ਕਿਹਾ ਕਿ ਬਦਲੀ ਸਥਿਤੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲਿਆ ਅਤੇ ਉਸਨੂੰ ਫਿਰ ਤੋਂ ਕਾਂਗ੍ਰਸ ਵਲ ਮੋੜਨ ਲਈ ਆਪਣੀ ਪੂਰੀ ਸ਼ਕਤੀ ਝੌਂਕ ਦਿੱਤੀ। ਇਸ ਵਿੱਚ ਉਨ੍ਹਾਂ ਨੂੰ ਕਿਤਨਾ ਲਾਭ ਹੋਇਆ ਇਹ ਤਾਂ ਚੋਣ ਨਤੀਜੇ ਹੀ ਸਪਸ਼ਟ ਕਰ ਸਕਣਗੇ।

ਲੇਖਕ -ਜਸਵੰਤ ਸਿੰਘ 'ਅਜੀਤ'