image caption:

ਸੌਰਭ ਚੌਧਰੀ ਨੇ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ- ਭਾਰਤ ਨੇ ਜਰਮਨੀ ਦੇ ਮਿਊਨਿਖ ਵਿੱਚ ਚੱਲ ਰਹੇ ਆਈ ਐੱਸ ਐੱਸ ਐੱਫ ਵਿਸ਼ਵ ਕੱਪ ਵਿੱਚ ਲਗਾਤਾਰ ਦੂਜੇ ਦਿਨ ਸੋਨ ਤਮਗਾ ਜਿੱਤਿਆ ਹੈ। ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਬੀਤੇ ਦਿਨ ਵਧੀਆ ਪ੍ਰਦਰਸ਼ਨ ਕਰਦੇ ਹੋਏ ਸ਼ੂਟਿੰਗ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਦਾ ਸੋਨ ਤਮਗਾ ਆਪਣੇ ਨਾਂਅ ਕੀਤਾ। 17 ਸਾਲ ਦੇ ਸੌਰਭ ਨੇ ਗੋਲਡਨ ਪ੍ਰਦਰਸ਼ਨ ਕਰਦਿਆਂ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਉਸ ਤੋਂ ਪਹਿਲਾਂ ਐਤਵਾਰ ਨੂੰ ਅਪੂਰਵੀ ਚੰਦੇਲਾ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਸੀ।
ਮੇਰਠ ਦੇ ਰਹਿਣ ਵਾਲੇ ਸੌਰਭ ਚੌਧਰੀ ਨੇ ਫਾਈਨਲ ਵਿੱਚ 2463 ਦਾ ਸਕੋਰ ਬਣਾਇਆ ਤੇ ਇਸ ਤਰ੍ਹਾਂ ਫਰਵਰੀ ਵਿੱਚ ਨਵੀਂ ਦਿੱਲੀ ਵਿਸ਼ਵ ਕੱਪ ਵਿੱਚ ਬਣਾਏ ਗਏ 245 ਅੰਕ ਦੇ ਆਪਣੇ ਹੀ ਪਿਛਲੇ ਰਿਕਾਰਡ ਵਿੱਚ ਸੁਧਾਰ ਕੀਤਾ। 10 ਮੀਟਰ ਏਅਰ ਪਿਸਟਲ 'ਚ ਰੂਸ ਦੇ ਆਤਰਮ ਚੇਰਸੁਨੋਵ ਨੇ ਚਾਂਦੀ ਤੇ ਚੀਨ ਦੇ ਵੇਈ ਪੇਂਗ ਨੇ ਕਾਂਸੀ ਦਾ ਤਮਗਾ ਜਿੱਤ ਲਿਆ। ਸੌਰਭ ਚੌਧਰੀ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕਰ ਚੁੱਕੇ ਹਨ। ਭਾਰਤੀ ਖੇਡ ਪ੍ਰੇਮੀਆਂ ਨੂੰ ਸੌਰਭ ਤੋਂ ਓਲੰਪਿਕ ਤੋਂ ਵੱਡੀਆਂ ਉਮੀਦਾਂ ਹਨ। ਸੌਰਭ ਨੇ ਫਾਈਨਲ ਵਿੱਚ ਪਹਿਲੇ ਸ਼ਾਟ 'ਚ 9.3 ਦਾ ਸਕੋਰ ਬਣਾਇਆ। ਇਸ ਦੇ ਬਾਅਦ ਲਗਾਤਾਰ ਪੰਜ ਸ਼ਾਟ 'ਚ 10.1 ਦਾ ਸਕੋਰ ਬਣਾਇਆ। ਪਹਿਲੇ ਦੌਰ ਦੇ ਛੇ ਸ਼ਾਟ ਦੇ ਬਾਅਦ ਉਹ ਚੇਰਸੁਨੋਵ ਤੋਂ 0.6 ਅੰਕ ਪਿੱਛੇ ਸਨ। ਦੂਜੇ ਦੌਰ ਦੇ ਛੇ ਸ਼ਾਟਾਂ 'ਚ ਹਾਲਾਂਕਿ ਉਨ੍ਹਾਂ ਨੇ ਬੜ੍ਹਤ ਹਾਸਲ ਕਰ ਲਈ। ਇਸ ਵਿੱਚ ਉਨ੍ਹਾਂ ਨੇ ਤਿੰਨ ਸ਼ਾਟਾਂ 'ਚ 10 ਤੋਂ ਘੱਟ ਅੰਕ ਬਣਾਏ, ਪਰ ਦੋ ਸ਼ਾਟ 10.7 ਦੇ ਲਗਾਏ। ਭਾਰਤੀ ਨਿਸ਼ਾਨੇਬਾਜ਼ ਨੇ ਇਸ ਦੇ ਬਾਅਦ ਹਰੇਕ ਰਾਊਂਡ 'ਚ 10.3 ਦੇ ਦੋ ਸ਼ਾਟ ਲਗਾਏ, ਜਦ ਕਿ ਇੱਕ ਸ਼ਾਟ 10.7 ਦਾ ਲਾਇਆ। ਚੌਧਰੀ ਦਾ ਅਖੀਰਲਾ ਸ਼ਾਟ 10.6 ਦਾ ਸੀ, ਜਿਸ ਤੋਂ ਉਹ ਖੁਦ ਦਾ ਰਿਕਾਰਡ ਤੋੜਨ 'ਚ ਸਫਲ ਰਹੇ। ਭਾਰਤ ਦੇ ਸ਼ਹਿਜਾਰ ਰਿਜ਼ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਨੇ ਫਾਈਨਲ 'ਚ ਜਗ੍ਹਾ ਬਣਾਈ, ਪਰ ਆਖਰ ਵਿੱਚ 177.6 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਰਹੇ।