image caption: ਰਜਿੰਦਰ ਸਿੰਘ ਪੁਰੇਵਾਲ

ਘੱਲੂਘਾਰਾ ਜੂਨ '84 ਪੰਥ ਤੇ ਪੰਥ ਦੀ ਰਾਜਨੀਤੀ ਬਨਾਮ ਅਕਾਲੀ ਦਲ

   ਅਸੀਂ ਜਦੋਂ ਘੱਲੂਘਾਰਾ ਜੂਨ 84 ਦੀ ਵਰ੍ਹੇਗੰਡ ਮਨਾ ਰਹੇ ਹਾਂ ਤਾਂ ਪੰਥਕ ਰਾਜਨੀਤੀ ਵਲ ਝਾਤ ਮਾਰਨੀ ਜ਼ਰੂਰੀ ਹੈ ਜੋ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਆਧਾਰ ਰਹੀ ਹੈ। ਇਹ ਪੰਜਾਬ ਦੀ ਨੀਂਹ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਦੇ ਪੰਥ ਦੀ ਜਾਨ ਸੀ। ਪੰਜਾਬ ਦੇ ਲਈ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਮੋਰਚੇ ਲਗਾਏ ਤਾਂ ਪੰਥ ਤੇ ਪੰਜਾਬੀਆਂ ਨੇ ਅਗਾਂਹ ਵਧ ਕੇ ਕੁਰਬਾਨੀਆਂ ਦਿੱਤੀਆਂ। ਖੇਤਾਂ ਵਿਚ ਕੰਮ ਕਰਦੇ ਦਲਿਤ ਮਜ਼ਦੂਰ ਜੋ ਬੀੜੀ-ਸਿਗਰਟ ਵੀ ਪੀਂਦੇ ਸਨ ਤਾਂ ਉਹ ਸ਼ਰੇਆਮ ਆਖਿਆ ਕਰਦੇ ਸਨ ਕਿ ਵੋਟ ਸਾਡੀ ਪੰਥ ਨੂੰ ਹੈ। ਉਸ ਸਮੇਂ ਪੰਥ ਦਾ ਅਰਥ ਸ਼੍ਰੋਮਣੀ ਅਕਾਲੀ ਦਲ ਹੀ ਹੁੰਦਾ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਗੁਆਚਣ ਨਾਲ ਪੰਥ ਦਾ ਭਵਿੱਖ ਵੀ ਧੁੰਦਲਾ ਪੈ ਗਿਆ। ਪੰਥ ਤੋਂ ਅਕਾਲੀ ਦਲ ਟੁੱਟਿਆ ਤਾਂ ਪੰਥ ਉਦਾਸ ਹੋ ਗਿਆ। ਅੱਜ ਪੰਜਾਬ ਤੇ ਪੰਥ ਦੀ ਘੇਰਾਬੰਦੀ ਹੋ ਰਹੀ ਹੈ। ਸਿਆਸੀ ਮਾਹਿਰ ਬਾਦਲ ਦਲ ਦੇ ਭਵਿੱਖ ਬਾਰੇ ਆਖ ਰਹੇ ਹਨ ਕਿ ਬਾਦਲ ਦਲ ਭਾਜਪਾ ਦੇ ਅਧੀਨ ਅਗਲੀਆਂ ਵਿਧਾਨ ਸਭਾ ਚੋਣਾਂ ਲੜੇਗਾ। ਪੇਂਡੂ ਖੇਤਰ ਵਿਚ ਭਾਜਪਾ ਦਾ ਕਬਜ਼ਾ ਹੋਵੇਗਾ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮੁਦਾ ਅਦਾਲਤੀ ਚੱਕਰ ਕਾਰਨ ਬਾਦਲਾਂ ਲਈ ਘੋਰ ਚਕਰਵਿਊ ਹੋਵੇਗਾ। ਇਸ ਵਿਚੋਂ ਨਿਕਲਣਾ ਸੰਭਵ ਨਹੀਂ ਹੋਵੇਗਾ। ਇਹ ਤਾਂ ਸੰਭਵ ਹੋਵੇਗਾ ਜਦੋਂ ਬਾਦਲ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਣੇਗਾ ਤੇ ਆਪਣੀ ਭੁੱਲ ਚੁੱਕ ਦੀ ਮਾਫੀ ਸੱਚੇ ਮਨੋਂ ਮੰਗੇਗਾ ਤੇ ਪੰਜਾਬ ਦੇ ਹਿੱਤਾਂ ਦੇ ਲਈ ਫਿਰ ਸਰਦਾਰੀ ਕਾਇਮ ਕਰੇਗਾ। ਜੇਕਰ ਅਜਿਹਾ ਨਹੀਂ ਕਰਦਾ ਤਾਂ ਪੰਥਕ ਵੋਟ ਕਾਂਗਰਸ ਦੀ ਝੋਲੀ ਵਿਚ ਪਵੇਗੀ।

ਹੈਰਾਨੀ ਇਸ ਗੱਲ ਦੀ ਹੈ ਕਿ ਕਾਂਗਰਸ ਉੱਪਰ ਇਲਜ਼ਾਮ ਲੱਗੇ ਹਨ ਕਿ ਇੰਦਰਾ ਕਾਲ ਵੇਲੇ ਦੀ ਸਰਕਾਰ ਨੇ ਦਰਬਾਰ ਸਾਹਿਬ ਵਿਚ ਫ਼ੌਜੀ ਹਮਲਾ ਕਰਵਾਇਆ। ਸੁਆਲ ਇਹ ਹੈ ਕਿ ਪੰਥ ਨੇ ਵੋਟਾਂ ਪਾ ਕੇ ਕਾਂਗਰਸ ਨੂੰ ਮੁਆਫ਼ ਕਰ ਦਿੱਤਾ ਹੈ? ਸਿਆਸੀ ਮਾਹਿਰ ਆਖਦੇ ਹਨ ਕਿ ਬਾਦਲਾਂ ਦਾ ਅਪਰਾਧ ਜ਼ਿਆਦਾ ਵੱਡਾ ਹੋ ਗਿਆ, ਜਿਸ ਕਰਕੇ ਕਾਂਗਰਸ ਦੇ ਅਪਰਾਧ ਪੰਥ ਨੂੰ ਛੋਟੇ ਲੱਗਣ ਲੱਗ ਪਏ। ਮਾਹਿਰ ਇਹ ਵੀ ਆਖਦੇ ਹਨ ਕਿ ਕਾਂਗਰਸ ਵੀ ਕਮਜ਼ੋਰ ਹੋ ਰਹੀ ਹੈ। ਹਾਈਕਮਾਂਡ ਦਾ ਬਹੁਤਾ ਆਧਾਰ ਨਹੀਂ ਹੈ ਤੇ ਕੈਪਟਨ ਤੋਂ ਬਾਅਦ ਪੰਜਾਬ ਕੋਲ ਵੱਡਾ ਲੀਡਰ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਵੀ ਹੋਲੀ ਹੋਲੀ ਆਪਣਾ ਆਧਾਰ ਬਾਦਲਾਂ ਵਾਂਗ ਗੁਆ ਰਹੇ ਹਨ। ਉਹ ਪੰਜਾਬ ਦੀ ਸਿਹਤ, ਵਾਤਾਵਰਨ, ਖੇਤੀ ਸਿਸਟਮ, ਆਰਥਿਕਤਾ, ਪੰਥਕ ਤੇ ਪੰਜਾਬ ਮੁੱਦਿਆਂ ਉੱਪਰ ਪਹਿਰੇਦਾਰੀ ਨਹੀਂ ਕਰ ਸਕੇ।

ਭਾਜਪਾ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਹਾਰਨ ਵਾਲਾ ਆਪਣਾ ਉਮੀਦਵਾਰ ਹਰਦੀਪ ਸਿੰਘ ਪੁਰੀ ਕੇਂਦਰੀ ਮੰਤਰੀ ਦੁਬਾਰਾ ਬਣਾ ਦਿੱਤਾ, ਕਿਉਂਕਿ ਉਹ ਭਾਜਪਾ ਦੀ ਪਾਲਿਸੀ ਨੂੰ ਵੀ ਜਾਣਦਾ ਹੈ ਤੇ ਸਿੱਖ ਸਰੂਪ ਵੀ ਰੱਖਦਾ ਹੈ। ਭਾਜਪਾ ਨੂੰ ਯਕੀਨ ਹੈ ਕਿ ਉਹ ਪੰਜਾਬ ਦੇ ਪੰਥਕ ਹਲਕਿਆਂ ਵਿਚ ਭਾਜਪਾ ਦਾ ਆਧਾਰ ਸਿਰਜ ਦੇਵੇਗਾ। ਹੁਸ਼ਿਆਰਪੁਰ ਵਾਲਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਲਿਤ ਆਧਾਰ ਪੈਦਾ ਕਰੇਗਾ। ਇਹ ਦੋਵੇਂ ਮੰਤਰੀ ਪੰਜਾਬ ਵਿਚ ਪੂਰੇ ਸਰਗਰਮ ਹੋਣਗੇ। ਭਾਜਪਾ ਜਾਣਦੀ ਹੈ ਕਿ ਪੰਥਕ ਆਧਾਰ ਬਿਨਾਂ ਪੰਜਾਬ ਵਿਚ ਸਫਲ ਨਹੀਂ ਹੋਇਆ ਜਾ ਸਕਦਾ, ਪਰ ਇਹ ਗੱਲ ਕੈਪਟਨ ਸਰਕਾਰ ਤੇ ਬਾਦਲ ਅਕਾਲੀ ਦਲ ਭੁੱਲ ਚੁੱਕੇ ਹਨ। ਇਹ ਠੀਕ ਹੈ ਕਿ ਭਾਜਪਾ ਸਿੱਖਾਂ ਨੂੰ ਆਪਣੇ ਹਿੱਤਾਂ ਲਈ ਵਰਤਣਾ ਚਾਹੁੰਦੀ ਹੈ। ਪਰ ਸਿੱਖ ਪੰਥ ਕੋਲ ਇਸ ਦਾ ਬਦਲ ਨਹੀਂ ਹੈ ਤੇ ਨਾ ਹੀ ਬਦਲ ਪੈਦਾ ਕੀਤਾ ਜਾ ਸਕਿਆ ਹੈ।

ਮੋਦੀ ਸਰਕਾਰ ਕੋਲ ਇਹਨਾਂ ਮੰਤਰੀਆਂ ਰਾਹੀਂ ਪੰਜਾਬ ਨੂੰ ਦੇਣ ਲਈ ਬਹੁਤ ਕੁਝ ਹੈ। ਅਕਾਲੀ ਦਲ ਕੋਲ ਹੁਣ ਪੰਥ ਤੇ ਪੰਜਾਬ ਦਾ ਵਿਜਨ ਨਹੀਂ, ਉਹ ਬਹੁਤ ਕੁਝ ਗੁਆ ਚੁਕੀ ਹੈ। ਬੀਬਾ ਹਰਸਿਮਰਤ ਕੌਰ ਖੇਤੀ ਉਦਯੋਗ, ਇਪੋਰਟ ਐਕਸਪੋਰਟ ਬਿਜਨੈਸ ਪੰਜਾਬ ਵਿਚ ਲਿਆ ਸਕਦੀ ਸੀ ਪਰ ਨਹੀਂ ਲਿਆ ਸਕੀ। ਇਹ ਬਾਦਲ ਦਲ ਵਾਲੇ ਨਹੀਂ ਜਾਣ ਸਕੇ ਕਿ ਪੰਜਾਬ ਦਾ ਮੁੱਦਾ ਆਰਥਿਕਤਾ, ਸਿਹਤ, ਵਾਤਾਵਰਨ, ਸਵੈ-ਰੁਜਗਾਰ ਤੇ ਵਿਕਾਸ ਦਾ ਹੈ। ਇਹ ਦੁਖਾਂਤ ਹੈ ਬਾਦਲ ਪਰਿਵਾਰ ਦਾ ਕਿ ਉਹ ਨਾ ਪੰਜਾਬ ਦੀ ਮਾਨਸਿਕਤਾ ਸਮਝ ਸਕੇ, ਨਾ ਪੰਥਕ ਆਧਾਰ ਨੂੰ। ਆਉਣ ਵਾਲੇ ਸਮੇਂ ਵਿਚ ਭਾਜਪਾ ਹਾਈਕਮਾਂਡ ਤੈਅ ਕਰੇਗੀ ਬਾਦਲ ਪਰਿਵਾਰ ਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰਹੇਗਾ ਜਾਂ ਨਹੀਂ। ਅਕਾਲੀ ਦਲ ਕੋਲ ਹੁਣ ਸਿਖ ਆਧਾਰ ਵਾਲੀਆਂ ਪੇਂਡੂ ਵੋਟਾਂ ਗੁਆਚ ਚੁਕੀਆਂ ਹਨ। ਸ਼ਹਿਰੀ ਵੋਟਾਂ ਬਾਦਲ ਦੀ ਆਪਣੀ ਕਰਾਮਾਤ ਨਹੀਂ ਮੋਦੀ ਦਾ ਜਾਦੂ ਹੈ। ਇੱਥੇ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਸ਼ਹਿਰੀ ਹਲਕਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦਾ ਮੁੱਦਾ ਨਹੀਂ ਭੱਖਿਆ। ਪਰ ਮੋਦੀ ਦਾ ਜਾਦੂ ਪੂਰੀ ਤਰ੍ਹਾਂ ਚਲਿਆ ਹੈ।

ਮੰਨਿਆ ਜਾਂਦਾ ਹੈ ਕਿ ਸ਼ਹਿਰੀ ਹਿੰਦੂ ਵੋਟਰਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਅਕਾਲੀ ਦਲ ਨੂੰ ਖੁੱਲ੍ਹ ਕੇ ਵੋਟ ਪਾਈ ਹੈ। ਪੇਂਡੂ ਖੇਤਰਾਂ ਵਿੱਚ ਪੰਥਕ ਵੋਟ ਪਹਿਲਾਂ ਹੀ ਅਕਾਲੀ ਦਲ ਤੋਂ ਦੂਰ ਜਾ ਚੁੱਕੀ ਹੈ। ਇਸ ਲਈ ਅਗਲੇ ਸਮੇਂ ਵਿਚ ਭਾਜਪਾ ਅਕਾਲੀ ਦਲ ਦੀ ਥਾਂ ਲੈ ਸਕਦੀ ਹੈ ਤੇ ਪੰਜਾਬ ਵਿੱਚ ਅਗਲਾ ਦ੍ਰਿਸ਼ ਕਾਂਗਰਸ ਤੇ ਭਾਜਪਾ ਦੇ ਸਿਆਸੀ ਯੁੱਧ ਵਿਚ ਬਦਲ ਸਕਦਾ ਹੈ। ਬਾਦਲ ਅਕਾਲੀ ਦਲ ਕੋਲ ਇਹੀ ਬਦਲ ਰਹਿ ਜਾਵੇਗਾ ਕਿ ਉਸ ਨੇ ਭਾਜਪਾ ਨਾਲ ਜੁੜਨਾ ਹੈ ਜਾਂ ਕਾਂਗਰਸ ਨਾਲ। ਤੀਸਰਾ ਗਠਜੋੜ ਅਜੇ ਤੱਕ ਉਭਰ ਨਹੀਂ ਸਕਿਆ। ਬਸਪਾ ਦਾ ਪੰਜਾਬ ਵਿਚ ਬਹੁਤਾ ਆਧਾਰ ਨਹੀਂ ਹੈ। ਬੀਤੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਗੰਭੀਰਤਾ ਨਾਲ ਵਿਚਾਰਿਆ ਗਿਆ ਸੀ ਕਿ ਅਕਾਲੀ ਦਲ ਨੂੰ ਪੰਥਕ ਵੋਟ ਬੈਂਕ ਵਲ ਧਿਆਨ ਦੇਣਾ ਚਾਹੀਦਾ ਹੈ ਤੇ ਦਿਹਾਤੀ ਖੇਤਰਾਂ ਵਿਚ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਫਤਿਹਗੜ੍ਹ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਰਹੇ ਦਰਬਾਰਾ ਸਿੰਘ ਗੁਰੂ, ਫ਼ਰੀਦਕੋਟ ਤੋਂ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ, ਲੁਧਿਆਣਾ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰ ਹਾਰੇ ਉਮੀਦਵਾਰਾਂ ਦਾ ਮੰਨਣਾ ਸੀ ਕਿ ਸੰਸਦੀ ਚੋਣਾਂ ਦੇ ਨਤੀਜਿਆਂ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਨੂੰ ਪੰਜਾਬ ਦੇ ਪਿੰਡਾਂ ਵਿੱਚੋਂ ਵੋਟ ਸ਼ਹਿਰਾਂ ਦੇ ਮੁਕਾਬਲੇ ਘੱਟ ਪਈ ਹੈ। ਅਕਾਲੀ ਲੀਡਰਸ਼ਿਪ ਦਾ ਇਹ ਵੀ ਮੰਨਣਾ ਕਿ ਸ਼ਹਿਰਾਂ ਵਿੱਚੋਂ ਗੱਠਜੋੜ ਪਾਰਟੀਆਂ ਦੇ ਉਮੀਦਵਾਰਾਂ ਨੂੰ ਜੋ ਵੋਟ ਮਿਲੀ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਹੀ ਪਈ ਹੈ।

ਅਕਾਲੀ ਦਲ ਇਸ ਵਾਰ ਪਿਛਲੀ ਵਾਰ ਜਿੱਤੀਆਂ 4 ਲੋਕ ਸਭਾ ਸੀਟਾਂ ਦੇ ਮੁਕਾਬਲੇ 2 ਸੀਟਾਂ ਬਠਿੰਡਾ ਤੇ ਫਿਰੋਜਪੁਰ 'ਤੇ ਹੀ ਜਿੱਤ ਸਕਿਆ ਹੈ, ਜੋ ਬਾਦਲ ਪਰਿਵਾਰ ਦੇ ਹਿੱਸੇ ਆਈਆਂ ਹਨ। ਪਰ ਫਿਰ ਵੀ ਬਾਦਲ ਪਰਿਵਾਰ ਵੋਟ ਪ੍ਰਤੀਸ਼ਤ ਨੂੰ ਆਧਾਰ ਬਣਾ ਕੇ ਖੁਸ਼ੀ ਮਨਾ  ਰਿਹਾ ਹੈ। ਅਸੀਂ ਯਾਦ ਕਰਵਾ ਦੇਈਏ ਕਿ 2014 ਵਿਚ 26.30 ਫ਼ੀਸਦੀ ਅਤੇ 2017 ਵਿਚ ਲਈ 25.20 ਫ਼ੀਸਦੀ ਵੋਟ ਦੇ ਮੁਕਾਬਲੇ ਇਸ ਵਾਰ ਉਸ ਦਾ ਵੋਟ ਪ੍ਰਤੀਸ਼ਤ 27.45 ਹੋ ਗਿਆ ਹੈ ਪਰ 2012 ਵਿਚ ਸਰਕਾਰ ਬਣਾਉਣ ਵੇਲੇ 34.73 ਪ੍ਰਤੀਸ਼ਤ ਵੋਟ ਤੋਂ ਉਹ ਅਜੇ ਵੀ 7 ਪ੍ਰਤੀਸ਼ਤ ਪਿੱਛੇ ਖੜ੍ਹਾ ਹੈ। ਪਰ ਇਸ ਵਿਚ ਪੰਥਕ ਵੋਟ ਬੈਂਕ ਦੀ ਕਿੰਨੇ ਹਿੱਸੇਦਾਰੀ ਹੈ, ਇਹ ਵੀ ਸਰਵੇਖਣ ਕਰਨਾ ਬਣਦਾ ਹੈ। ਇਹ ਵੀ ਵਰਨਣਯੋਗ ਹੈ ਕਿ ਭਾਜਪਾ ਨੇ ਆਪਣੀ ਸਥਿਤੀ ਅਕਾਲੀ ਦਲ ਦੇ ਮੁਕਾਬਲੇ ਜ਼ਿਆਦਾ ਸੁਧਾਰੀ ਹੈ। ਜਿਥੇ ਅਕਾਲੀ ਦਲ ਨੇ 2017 ਵਿਚ ਵਿਧਾਨ ਸਭਾ ਵਿਚ ਜਿੱਤੀਆਂ 15 ਸੀਟਾਂ ਦੇ ਮੁਕਾਬਲੇ ਇਸ ਵਾਰ 23 ਵਿਧਾਨ ਸਭਾ ਸੀਟਾਂ ਵਿਚ ਲੀਡ (ਵੱਧ ਵੋਟਾਂ) ਲਈ ਹੈ, ਉਥੇ ਭਾਜਪਾ 3 ਦੇ ਮੁਕਾਬਲੇ 12 ਵਿਧਾਨ ਸਭਾ ਸੀਟਾਂ 'ਤੇ ਅੱਗੇ ਰਹੀ ਹੈ। ਹੁਣ ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਕੋਲੋਂ ਜ਼ਿਆਦਾ ਸੀਟਾਂ ਦੀ ਮੰਗਣ ਲਈ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ।

ਪੱਛਮੀ ਬੰਗਾਲ ਵਿਚ 18 ਸੀਟਾਂ ਜਿੱਤ ਕੇ ਮਮਤਾ ਬੈਨਰਜੀ ਦਾ ਕਿਲ੍ਹਾ ਫ਼ਤਹਿ ਕਰਨ ਵਾਲੀ ਭਾਜਪਾ ਹੁਣ ਆਪਣਾ ਰੁਖ਼ ਪੰਜਾਬ ਵੱਲ ਕਰਨ ਜਾ ਰਹੀ ਹੈ। ਇਨ੍ਹਾਂ ਸੰਸਦੀ ਚੋਣਾਂ ਵਿਚ ਆਪਣੇ ਹਿੱਸੇ ਦੀਆਂ ਤਿੰਨ ਵਿਚੋਂ ਦੋ ਸੀਟਾਂ ਜਿੱਤਣ ਅਤੇ ਤਮਾਮ ਸ਼ਹਿਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਪਈ ਵੋਟ ਤੋਂ ਉਤਸ਼ਾਹਿਤ ਪਾਰਟੀ ਨੇ ਆਪਣੇ ਗਠਜੋੜ ਸਾਥੀ ਸ਼੍ਰੋਮਣੀ ਅਕਾਲੀ ਦਲ ਤੋਂ 50 ਫ਼ੀਸਦੀ ਹਿੱਸਾ ਮੰਗਣ ਦੀ ਤਿਆਰੀ ਕਰ ਲਈ ਹੈ। ਇਹ ਬਾਦਲ ਅਕਾਲੀ ਦਲ ਤੇ ਪੰਥ ਲਈ ਖਤਰੇ ਦੀ ਘੰਟੀ ਹੈ। ਅਕਾਲੀ ਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿਆਸਤ ਵਿਚ ਕੋਈ ਦੋਸਤ ਨਹੀਂ ਹੁੰਦਾ ਤੇ ਭਾਜਪਾ ਨਾਲ ਉਸ ਦਾ ਰਿਸ਼ਤਾ ਪਤੀ-ਪਤਨੀ ਵਾਲਾ ਰਿਸ਼ਤਾ ਸੁਪਨਮਈ ਹੈ। ਅਕਾਲੀ ਦਲ ਦਾ ਹੋਰ ਆਧਾਰ ਘਟਿਆ ਤਾਂ ਭਾਜਪਾ ਨੇ ਪੰਜਾਬ ਵਿਚ ਵੀ ਉਸ ਨੂੰ ਨਹੀਂ ਪਛਾਨਣਾ।

ਰਜਿੰਦਰ ਸਿੰਘ ਪੁਰੇਵਾਲ