image caption: ਰਜਿੰਦਰ ਸਿੰਘ ਪੁਰੇਵਾਲ

ਡੇਰਾ ਪ੍ਰੇਮੀ ਬਿੱਟੂ ਦੀ ਹੱਤਿਆ ਤੋਂ ਬਾਅਦ ਸਰਕਾਰ ਇਨਸਾਫ਼ 'ਤੇ ਪਹਿਰਾ ਦੇਵੇ

     ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੇ ਨਾਭਾ ਜੇਲ੍ਹ ਵਿਚ ਹੋਇਆਂ ਕਤਲ ਸਿਰਫ਼ ਜੇਲ੍ਹ ਪ੍ਰਬੰਧ ਤੇ ਸੁਰੱਖਿਆ ਅਤੇ ਸੂਬੇ ਵਿਚ ਕਾਨੂੰਨ ਵਿਵਸਥਾ ਨਾਲ ਜੁੜਿਆ ਮੱਸਲਾ ਨਹੀਂ ਹੈ, ਬਲਕਿ ਸਿੱਖਾਂ ਨਾਲ ਕੀਤੀ ਬੇਇਨਸਾਫ਼ੀ ਦਾ ਵਧ ਮਾਮਲਾ ਹੈ। ਪੰਜਾਬ ਵਿਚ ਸਿੱਖ ਭਾਵੇਂ ਬਹੁਗਿਣਤੀ ਵਿਚ ਰਹਿੰਦੇ ਹਨ, ਪਰ ਉਹਨਾਂ ਦੀ ਸੁਣਵਾਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਵਾਪਰੇ ਕਾਫੀ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ ਤੇ ਨਾ ਹੀ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਪੁਲੀਸ ਅਫ਼ਸਰਾਂ ਨੂੰ ਸਜ਼ਾਵਾਂ ਹੋਈਆਂ ਹਨ। ਕੇਸ ਏਨੇ ਢਿੱਲੇ ਬਣਾਏ ਗਏ ਹਨ ਕਿ ਸਭ ਦੀਆਂ ਜ਼ਮਾਨਤਾਂ ਹੋ ਰਹੀਆਂ ਹਨ। ਇਸ ਸਾਰੀ ਕਾਰਵਾਈ ਤੋਂ ਜਾਪਦਾ ਹੈ ਕਿ ਸਰਕਾਰ ਇਨਸਾਫ਼ ਕਰਨ ਲਈ ਤਿਆਰ ਨਹੀਂ, ਉਹ ਸਿਆਸਤ ਖੇਡ ਰਹੀ ਹੈ। ਇਹ ਸਿਆਸਤ ਲੋਕ ਪੱਖੀ ਨਹੀਂ ਹੈ, ਬਲਕਿ ਕੁਰਸੀ ਨੂੰ ਕਾਇਮ ਰੱਖਣ ਲਈ ਹੈ। ਇਸ ਵਿਚੋਂ ਫਿਰਕੂ ਤੇ ਡੇਰਾਵਾਦੀ ਰੰਗ ਵੀ ਝਲਕਦਾ ਹੈ। ਇਹ ਸਿਆਸਤ ਭ੍ਰਿਸ਼ਟ ਹੈ, ਬੇਇਨਸਾਫ਼ੀ ਨੂੰ ਜਨਮ ਦਿੰਦੀ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਪੈਦਾ ਕਰਦੀ ਹੈ। ਜੇ ਅਮਨ ਕਾਨੂੰਨ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਵਿਚ ਪੀੜਤ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਹੁਤ ਦਮਗੱਜੇ ਮਾਰੇ ਸਨ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿੰਮੇਵਾਰਾਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਪਰ ਕੁਝ ਨਹੀਂ ਹੋਇਆ। ਮਹਿੰਦਰਪਾਲ ਬਿੱਟੂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਰਚਣ ਵਾਲਿਆਂ ਦਾ ਫੀਲਾ ਹੈ। ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਇਹ ਸਿਰਸਾ ਵਾਲੇ ਡੇਰੇ ਦੀ ਕਿਤੇ ਨਾ ਕਿਤੇ ਘੁੰਡੀ ਹੈ। ਸਿਰਸੇ ਵਾਲਾ ਡੇਰਾ ਬਲਾਤਕਾਰ ਦੇ ਦੋਸ਼ਾਂ ਕਾਰਨ ਹਰਿਆਣੇ ਦੀ ਜੇਲ੍ਹ ਵਿਚ ਬੰਦ ਹੈ। ਪੰਜਾਬ ਦੀ ਸਿੱਟ ਨੇ ਇਸ ਬਾਰੇ ਡੇਰਾ ਮੁਖੀ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਸਰਕਾਰ ਨੇ ਅੜਿੱਕਾ ਡਾਹਿਆ। ਇਸ ਦਾ ਸਾਫ਼ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਜ਼ਿਸ਼ ਵਿਚ ਸੱਤਾਧਾਰੀ ਲੋਕ ਭਾਈਵਾਲ ਹਨ। ਸੱਤਾਧਾਰੀਆਂ ਨੇ ਸਿਰਸੇ ਡੇਰੇ ਨੂੰ ਵਰਤਿਆ ਹੈ ਤਾਂ ਜੋ ਪੰਜਾਬ ਵਿਚ ਹਿੰਦੂ-ਸਿੱਖਾਂ ਦੇ ਦੰਗੇ ਕਰਵਾਏ ਜਾਣ ਤੇ ਡੇਰਾ ਪ੍ਰੇਮੀਆਂ ਨਾਲ ਭੇੜ ਪੁਆ ਕੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਭੰਗ ਕੀਤੀ ਜਾਵੇ। ਗੁਰੂ ਗ੍ਰੰÎਥ ਸਾਹਿਬ ਸਰਬੱਤ ਦੇ ਭਲੇ ਦਾ ਸੋਮਾ ਹਨ। ਉਹਨਾਂ ਦਾ ਅਪਮਾਨ ਉਹੀ ਕਰ ਸਕਦਾ ਹੈ, ਜੋ ਨਫ਼ਰਤ ਤੇ ਫਾਸ਼ੀਵਾਦੀ ਬਿਰਤੀ ਨਾਲ ਭਰਿਆ ਹੋਵੇ। ਇਹ ਤਾਕਤਾਂ ਫਾਸ਼ੀਵਾਦੀ ਅਤੇ ਫਿਰਕੂਵਾਦ ਦੀ ਖੇਡ ਖੇਡ ਕੇ ਆਪਣੀ ਆਪਣੀ ਸਿਆਸਤ ਚਮਕਾਉਂਦੀਆਂ ਹਨ। ਅਜਿਹੀ ਸੋਚ ਬਹੁਤੀ ਦੇਰ ਤੱਕ ਨਹੀਂ ਚਲ ਸਕਦੀ। ਭਾਜਪਾ ਸਰਕਾਰ ਹੁਣ ਸੌਦੇ ਸਾਧ ਨੂੰ ਰਿਹਾਅ ਕਰਨ ਦੀ ਤਿਆਰੀਆਂ ਵਿਚ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਅਦਬੀ ਦੀਆਂ ਤਾਰਾਂ ਕਿਥੋਂ ਤੱਕ ਜਾ ਜੁੜਦੀਆਂ ਹਨ। ਜੇਕਰ ਇਕ ਬਲਾਤਕਾਰੀ, ਕਾਤਲ ਤੇ ਸਟੇਟ ਵਿਰੁਧ ਬਗਾਵਤ ਕਰਨ ਵਾਲੇ ਸਾਧ ਨਾਲ ਸਰਕਾਰੀ ਹਮਦਰਦੀ ਕੀਤੀ ਜਾ ਰਹੀ ਹੈ ਤਾਂ ਸਾਨੂੰ ਅਰਥ ਸਮਝ ਲੈਣੇ ਚਾਹੀਦੇ ਹਨ ਕਿ ਸੰਵਿਧਾਨ ਤੇ ਜਮਹੂਰੀਅਤ ਦਾ ਕਤਲ ਕੀਤਾ ਜਾ ਰਿਹਾ ਹੈ। ਇਹ ਕਤਲ ਕਿਸ ਨੇ ਕੀਤਾ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਸਾਨੂੰ ਜੇਲ੍ਹ ਵਿਚ ਅਜੀਤ ਸਿੰਘ ਪੂਹਲੇ ਦਾ ਕਤਲ ਅਤੇ ਪੁਲੀਸ ਅਫ਼ਸਰ ਅਜੀਤ ਸਿੰਘ ਸੰਧੂ ਉੱਤੇ ਹੋਇਆ ਹਮਲਾ ਵਿਚਾਰ ਲੈਣਾ ਚਾਹੀਦਾ ਹੈ। ਇਹ ਹਮਲਾ ਜਜ਼ਬਾਤੀ ਹਮਲਾ ਹੈ, ਕੋਈ ਸਾਜ਼ਿਸ਼ੀ ਹਮਲਾ ਨਹੀਂ। ਸਾਡੀ ਦਲੀਲ ਇਹ ਹੈ ਕਿ ਜਦੋਂ ਇਨਸਾਫ਼ ਨਹੀਂ ਮਿਲਦਾ ਤਾਂ ਇਹੋ ਜਿਹੇ ਕਾਂਡ ਵਾਪਰਦੇ ਹਨ। ਸਿੱਖ ਕੌਮ ਬੜੀ ਸ਼ਾਂਤਮਈ ਕੌਮ ਹੈ, ਉਹ ਕਿਸੇ ਨਾਲ ਧੱਕਾ ਨਹੀਂ ਕਰਦੀ, ਪਰ ਆਪਣੇ ਨਾਲ ਬੇਇਨਸਾਫ਼ੀ ਨਹੀਂ ਸਹਿੰਦੀ ਤੇ ਨਾ ਹੀ ਗੁਲਾਮੀ ਵਿਚ ਰਹਿਣਾ ਪਸੰਦ ਕਰਦੀ ਹੈ। ਇਹ ਗੁਰੂ ਦੀ ਦਿੱਤੀ ਫਿਲਾਸਫੀ ਹੈ ਤੇ ਇਹ ਫਿਲਾਸਫੀ ਸਿੱਖ ਮਨ ਵਿਚ ਜੁਗੋ ਜੁਗ ਅਟੱਲ ਹੈ। ਇਹੀ ਕਾਰਨ ਹੈ ਕਿ ਦੋ ਜੇਲ੍ਹੀ ਬੰਦ ਸਿੱਖਾਂ ਨੇ ਇਹ ਅਪਮਾਨ ਨਾ ਸਹਿੰਦਿਆਂ ਇਹ ਕਾਂਡ ਕਰ ਦਿੱਤਾ। ਬਾਕੀ ਦੂਸਰੇ ਪਾਸੇ ਇਹ ਵੀ ਪੱਖ ਸਾਹਮਣੇ ਆ ਰਹੇ ਹਨ ਕਿ ਇਸ ਪਿੱਛੇ ਅਕਾਲੀ ਦਲ ਦੀ ਸਾਜ਼ਿਸ਼ ਹੈ ਜਾਂ ਕਿਸੇ ਹੋਰ ਪਾਰਟੀ ਦੀ ਹੈ, ਪਰ ਮੈਂ ਇਹ ਸਮਝਦਾ ਹਾਂ ਕਿ ਇਹ ਪੰਥਕ ਜਜ਼ਬਾਤ ਦੇ ਅਧੀਨ ਵਾਪਰਿਆ ਕਾਂਡ ਹੈ। ਸਿੱਖ ਇਤਿਹਾਸ ਵਿਚ ਇਹੋ ਜਿਹੀਆਂ ਇਤਿਹਾਸਕ ਘਟਨਾਵਾਂ, ਕਾਂਡ ਵਾਪਰਦੇ ਰਹੇ ਹਨ। ਇਸ ਵਿਚ ਕਸੂਰਵਾਰ ਸੱਤਾਧਾਰੀ ਧਿਰਾਂ ਹਨ, ਜੋ ਇਨਸਾਫ਼ ਨਹੀਂ ਕਰਦੀਆਂ। ਸਿਰਫ਼ ਲੋਕਾਂ ਦੇ ਖ਼ੂਨ ਤੇ ਅਮਨ ਦਾ ਕਤਲ ਕਰਨ ਦੇ ਲਈ ਅਨੈਤਿਕ ਸਿਆਸਤ ਖੇਡਦੀਆਂ ਹਨ। ਸਰਕਾਰ ਨੂੰ ਅਮਨ ਕਾਨੂੰਨ ਦੀ ਸਥਿਤੀ ਸੰਭਾਲਣ ਲਈ ਸਿੱਖ ਕੌਮ, ਘੱਟ ਗਿਣਤੀਆਂ ਤੇ ਪੀੜਤ ਧਿਰਾਂ ਨਾਲ ਇਨਸਾਫ਼ ਕਰਨਾ ਚਾਹੀਦਾ ਹੈ ਤੇ ਮਨੁੱਖੀ ਹੱਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਹੀ ਸੱਤਾਧਾਰੀਆਂ ਦਾ ਫਰਜ਼ ਤੇ ਧਰਮ ਹੋਣਾ ਚਾਹੀਦਾ ਹੈ। ਸੰਵਿਧਾਨ ਦੀ ਸਹੁੰ ਉਹ ਇਸੇ ਲਈ ਖਾਂਦੇ ਹਨ, ਪਰ ਨਿਭਾਉਂਦੇ ਨਹੀਂ ਹਨ।

ਪੰਜਾਬ 'ਚ ਨਸ਼ਿਆਂ ਕਾਰਨ ਹੋ ਰਹੀ ਨਸਲਕੁਸ਼ੀ

    ਪੰਜਾਬ ਵਿਚ ਡਰੱਗ ਕਾਰਨ ਪੰਜਾਬੀਆਂ ਦੀ ਨਸਲਕੁਸ਼ੀ ਹੋ ਰਹੀ ਹੈ ਤੇ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਕੈਪਟਨ ਸਰਕਾਰ ਦੇ ਦਾਅਵਿਆਂ ਦਾ ਪਰਦਾਫਾਸ਼ ਕਰ ਰਹੀਆਂ ਹਨ। ਡਰੱਗ ਕਾਰਨ ਇਕੋ ਦਿਨ ਛੇ ਘਰਾਂ ਦੇ ਬੰਦੇ ਫ਼ਿਰੋਜ਼ਪੁਰ ਦੇ ਮਲਕੀਤ ਸਿੰਘ, ਕਾਬਲ ਸਿੰਘ ਅਤੇ ਰਮਨਦੀਪ ਸਿੰਘ, ਹੁਸ਼ਿਆਰਪੁਰ ਦੇ ਦਸੂਹਾ ਲਾਗੇ ਜਰਨੈਲ ਸਿੰਘ, ਮੋਗਾ ਦੇ ਪਿੰਡ ਡਾਲਾ ਦੇ ਕਬੱਡੀ ਖਿਡਾਰੀ ਅਮਰਜੀਤ ਅਤੇ ਬਠਿੰਡਾ ਦੇ ਪਿੰਡ ਸਲਾਬਤਪੁਰਾ ਵਿਚ ਜਗਦੀਪ ਸਿੰਘ  ਆਦਿ ਮਰ ਗਏ। ਇਥੋਂ ਤੱਕ ਲੜਕੀਆਂ ਵੀ ਨਸ਼ਿਆਂ ਦੀ ਲੱਤ ਵਿਚ ਫਸ ਚੁੱਕੀਆਂ ਹਨ। ਪੰਜਾਬ ਦੇ ਨਸ਼ਾ ਛੁਡਾਉਣ ਦੇ ਨਾਮ ਉੱਤੇ ਖੁੱਲ੍ਹੇ ਸੈਂਟਰ ਭ੍ਰਿਸ਼ਟਾਚਾਰ ਦਾ ਕੇਂਦਰ ਹਨ, ਜਿੱਥੇ ਡਰੱਗ ਦੇ ਸ਼ਿਕਾਰ ਮਰੀਜ਼ਾਂ ਨਾਲ ਪਸ਼ੂਆਂ ਵਰਗਾ ਵਿਹਾਰ ਹੁੰਦਾ ਹੈ ਤੇ ਮਾਰਕੁੱਟ ਕੀਤੀ ਜਾਂਦੀ ਹੈ। ਨਿੱਜੀ ਕੰਮ ਵੀ ਕਰਵਾਏ ਜਾਂਦੇ ਹਨ। ਇਥੋਂ ਤੱਕ ਕਿ ਡਰੱਗ ਪੀੜਤ ਪਰਿਵਾਰਾਂ ਨਾਲ ਠੱਗੀ ਵੀ ਮਾਰੀ ਜਾਂਦੀ ਹੈ। ਪੰਜਾਬ ਪੁਲੀਸ ਵੱਲੋਂ ਵੱਡੀ ਮਾਤਰਾ ਵਿਚ ਫੜੇ ਜਾਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਸਰਕਾਰ ਦੀ ਸਫ਼ਲਤਾ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਅੱਜ ਤੱਕ ਵੱਡਾ ਮੁਜ਼ਰਮ, ਭ੍ਰਿਸ਼ਟ ਪੁਲੀਸ ਅਫ਼ਸਰ, ਸਿਆਸਤਦਾਨ ਨਹੀਂ ਫੜਿਆ ਗਿਆ, ਜੋ ਡਰੱਗ ਦੇ ਜਨਮਦਾਤਾ ਹਨ। ਕੈਪਟਨ ਸਰਕਾਰ ਹੁਣ ਤੱਕ ਬਾਦਲ ਦਲ ਨੂੰ ਬਦਨਾਮ ਕਰਦੀ ਰਹੀ ਹੈ ਕਿ ਉਹ ਨਸ਼ਿਆਂ ਦੇ ਜਨਮਦਾਤਾ ਸਨ। ਪਰ ਉਸ ਦੇ ਰਾਜ ਵਿਚ ਕੀ ਵਾਪਰ ਰਿਹਾ ਹੈ, ਇਹ ਨਸ਼ਿਆਂ ਦਾ ਵੱਡਾ ਵਰਤਾਰਾ ਕੈਪਟਨ ਸਰਕਾਰ ਦੀ ਲਿਆਕਤ 'ਤੇ ਵੱਡਾ ਪ੍ਰਸ਼ਨ ਚਿੰਨ੍ਹ ਹੈ?
ਹਾਲਾਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਕੈਪਟਨ ਨੇ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਸਰਕਾਰ ਬਣਨ ਉੱਤੇ ਨਸ਼ਿਆਂ ਨੂੰ  ਚਾਰ ਹਫ਼ਤਿਆਂ ਵਿਚ ਰੋਕਣ ਲਈ ਵਾਅਦਾ ਕੀਤਾ ਸੀ। ਪਰ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਜਾਪਦਾ ਹੈ ਕਿ ਕੈਪਟਨ ਸਰਕਾਰ ਉੱਪਰ ਡਰੱਗ ਮਾਫੀਆ ਭਾਰੂ ਪੈਂਦਾ ਜਾ ਰਿਹਾ ਹੈ। ਜੇਕਰ ਸਰਕਾਰ ਇਮਾਨਦਾਰ ਹੈ ਤਾਂ ਡਰੱਗ ਮਾਫੀਏ ਨੂੰ ਨੱਥ ਪਾਉਣੀ ਚਾਹੀਦੀ ਹੈ। ਪੰਜਾਬ ਵਿਚ ਨਸ਼ਿਆਂ ਨੂੰ ਰੋਕਣ ਤਹਿਤ ਬਣਾਏ ਗਏ ਨਵੇਂ 'ਐਕਸ਼ਨ ਪਲਾਨ' 'ਤੇ ਵਿਚਾਰ-ਚਰਚਾ ਕਰਨ ਲਈ ਬੀਤੇ ਦਿਨੀਂ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਪ੍ਰਧਾਨਗੀ ਵਿਚ ਪੁਲੀਸ ਅਫ਼ਸਰਾਂ ਦੀ ਮੀਟਿੰਗ ਹੋਈ ਸੀ। ਮੀਟਿੰਗ ਅਨੁਸਾਰ ਪੰਜਾਬ ਨਸ਼ਿਆਂ ਦੇ ਖ਼ਾਤਮੇ ਲਈ ਐਸ.ਟੀ.ਐਫ., ਸਥਾਨਕ ਪੁਲਿਸ, ਇੰਟੈਲੀਜੈਂਸ ਅਤੇ ਹੋਰ ਖ਼ੁਫ਼ੀਆ ਤੰਤਰ ਹੁਣ ਮਿਲ ਜੁਲ ਕੇ ਕੰਮ ਕਰਨਗੇ। ਪੰਜਾਬ ਦੇ ਜਿਨ੍ਹਾਂ 124 ਥਾਣਿਆਂ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਬਾਡਰ ਰੇਂਜ ਦੇ 27 ਥਾਣੇ ਸ਼ਾਮਲ ਹਨ। ਜਿਨ੍ਹਾਂ ਵਿੱਚ ਅਮ੍ਰਿਤਸਰ ਸ਼ਹਿਰੀ ਅਤੇ ਅਮ੍ਰਿਤਸਰ ਦਿਹਾਤੀ ਦੇ 9 ਥਾਣੇ ਆਉਂਦੇ ਹਨ। ਇਸੇ ਤਰ੍ਹਾਂ ਤਰਨਤਾਰਨ ਜਿਲ੍ਹੇ ਦੇ 8, ਬਟਾਲਾ ਦੇ 4, ਗੁਰਦਾਸਪੁਰ ਦੇ 5, ਬਠਿੰਡਾ ਦੇ 4, ਮਾਨਸਾ ਦੇ 7, ਫਿਰੋਜ਼ਪੁਰ ਰੇਂਜ ਦੇ 22 ਥਾਣੇ ਸ਼ਾਮਲ ਹਨ। ਜਿਨ੍ਹਾਂ ਵਿੱਚ ਫਾਜ਼ਿਲਕਾ ਜਿਲ੍ਹੇ ਦੇ 5, ਫ਼ਰੀਦਕੋਟ ਦੇ 3, ਮੋਗਾ ਦੇ 5, ਲੁਧਿਆਣਾ ਦੇ 9, ਖੰਨਾ ਦੇ 2, ਸ਼ਹੀਦ ਭਗਤ ਸਿੰਘ ਨਗਰ ਦੇ 4, ਜਲੰਧਰ ਅਤੇ ਜਲੰਧਰ ਦਿਹਾਤੀ ਦੇ 16, ਹੁਸ਼ਿਆਰਪੁਰ ਦੇ 4, ਕਪੂਰਥਲਾ ਦੇ 6, ਪਟਿਆਲਾ ਦੇ 3, ਸੰਗਰੂਰ ਦੇ 5, ਬਰਨਾਲਾ ਦਾ 1, ਰੂਪਨਗਰ ਦੇ 4, ਮੁਹਾਲੀ ਦੇ 2, ਫਤਹਿਗੜ੍ਹ ਸਾਹਿਬ ਦੇ 2 ਥਾਣੇ ਸ਼ਾਮਲ ਹਨ। ਬੀਤੇ ਸਮੇਂ ਦੌਰਾਨ ਐਸਐਸਪੀ ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਵੱਲੋਂ ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਲਿਪਤ 11 ਪੁਲਿਸ ਮੁਲਾਜ਼ਮਾਂ ਨੂੰ ਬਰਤਰਫ ਕਰ ਦਿੱਤਾ ਸੀ। ਜਿਨ੍ਹਾਂ ਵਿੱਚ 6 ਥਾਣੇਦਾਰ,3 ਹੈਡਕਾਂਸਟੇਬਲ ਤੇ 2 ਸ਼ਿਪਾਹੀਆਂ ਦੇ ਨਾਂ ਸ਼ਾਮਲ ਹਨ। ਜਿਹੜੇ 6 ਥਾਣੇਦਾਰਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਗਿਆ ਸੀ ਉਨ੍ਹਾਂ ਵਿੱਚ ਇੱਕ ਔਰਤ ਥਾਣੇਦਾਰ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਜਿਲ੍ਹਿਆਂ ਵਿਚ ਵੀ ਨਸ਼ਿਆਂ ਦੇ ਮਾਮਲਿਆਂ ਵਿਚ ਸ਼ਾਮਲ ਪਾਏ ਜਾ ਰਹੇ ਪੁਲਿਸ ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਚੁਕਿਆ ਹੈ।
ਐਸਟੀਐਫ ਮੁਖੀ ਗੁਰਪ੍ਰੀਤ ਕੌਰ ਦਿਓ ਨੇ ਇਹ ਐਲਾਨ ਕੀਤਾ ਹੈ ਕਿ ਜਿੱਥੇ ਵੀ ਨਸ਼ਾ ਵਿਕਦਾ ਪਾਇਆ ਗਿਆ ਜਾਂ ਨਸ਼ਾ ਤਸਕਰਾਂ ਨਾਲ ਕਿਸੇ ਪੁਲਿਸ ਵਾਲੇ ਦੀ ਮਿਲੀਭੁਗਤ ਸਾਹਮਣੇ ਆਈ, ਉਸ ਥਾਣੇ ਦੇ ਮੁਖੀ ਸਣੇ ਏਰੀਏ ਦੇ ਡੀਐਸਪੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਪਰ ਇਹ ਮੁਹਿੰਮ ਤਾਂ ਹੀ ਸਿਰੇ ਚੜ੍ਹ ਸਕਦੀ ਹੈ ਜੇ ਅਫ਼ਸਰ ਇਮਾਨਦਾਰ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਆਪ ਇਮਾਨਦਾਰੀ ਨਾਲ ਇਸ ਦੀ ਕਮਾਂਡ ਸੰਭਾਲਣ।

ਰਜਿੰਦਰ ਸਿੰਘ ਪੁਰੇਵਾਲ