image caption:

ਨਸ਼ੇ 'ਤੇ ਪਿਆਰ ਦੀ ਜਿੱਤ : ਜਾਣੋ ਕਿਵੇਂ ਡੇਨਮਾਰਕ ਦੀ ਕੁੜੀ ਬਣ ਗਈ ਪੰਜਾਬੀ ਨੌਜਵਾਨ ਦੀ 'ਹੀਰੋ'

ਗੁਰਦਾਸਪੁਰ : ਗੱਲ ਦੱਸਣ ਜਾ ਰਹੇ ਹਾਂ ਨਸ਼ੇ ਦੀ ਦਲਦਲ 'ਚੋਂ ਨਿਕਲ ਕੇ ਨਵੀਂ ਸ਼ੁਰੂਆਤ ਕਰਨ ਜਾ ਰਹੇ ਮਲਕੀਤ ਸਿੰਘ ਦੀ। ਇਸ ਵਿਚ ਮੁੱਖ ਭੂਮਿਕਾ ਉਸ ਦੀ ਪਤਨੀ ਨਤਾਸ਼ਾ ਸੋਮਰ ਵੱਲੋਂ ਨਿਭਾਈ ਗਈ ਤੇ ਦੋਵਾਂ ਵਿਚਾਲੇ ਰਿਸ਼ਤੇ ਦਾ ਜ਼ਰੀਆ ਬਣਿਆ ਵਟਸਐਪ। ਸਾਲ ਦੀ ਸ਼ੁਰੂਆਤ 'ਚ ਦੋਵੇਂ ਇੰਟਰਨੈੱਟ ਰਾਹੀਂ ਸੰਪਰਕ 'ਚ ਆਏ ਤੇ ਫਿਰ ਵਟਸਐਪ 'ਤੇ ਮਲਕੀਤ ਅਤੇ ਡੈੱਨਮਾਰਕ ਦੀ ਨਤਾਸ਼ਾ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਹੌਲੀ-ਹੌਲੀ ਗੱਲਬਾਤ ਪਿਆਰ 'ਚ ਬਦਲ ਗਈ। ਪਿੰਡ ਸੁੰਡਲ ਦਾ ਮਲਕੀਤ ਹੈਰੋਇਨ ਦੇ ਨਸ਼ੇ ਦਾ ਆਦੀ ਸੀ ਤੇ ਇਹੀ ਗੱਲ ਉਸ ਨੂੰ ਖਾ ਰਹੀ ਸੀ। ਆਖਿਰਕਾਰ ਉਸ ਨੇ ਨਤਾਸ਼ਾ ਨੂੰ ਸਾਰੀ ਸੱਚਾਈ ਦੱਸ ਦਿੱਤੀ। ਨਤਾਸ਼ਾ ਇਹ ਸੁਣ ਕੇ ਪਿੱਛੇ ਨਹੀਂ ਹਟੀ, ਬਲਕਿ ਉਸ ਨੇ ਆਪਣਾ ਪਿਆਰ ਬਚਾਉਣ ਲਈ ਮਾਰਚ 'ਚ ਗੁਰਦਾਸਪੁਰ ਪੁੱਜ ਗਈ।

ਮਲਕੀਤ ਤੇ ਨਤਾਸ਼ਾ ਦੀ ਪਹਿਲੀ ਵਾਰ ਚੈਟਿੰਗ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਹੋਈ ਸੀ। ਆਪਣਾ ਪਿਆਰ ਪਾਉਣ ਲਈ ਨਥਾ 23 ਮਾਰਚ, 2019 ਨੂੰ ਦਿੱਲੀ ਏਅਰਪੋਰਟ 'ਤੇ ਪੁੱਜੀ ਤੇ ਫਿਰ ਉਥੋਂ ਮਲਕੀਤ ਨਾਲ ਗੁਰਦਾਸਪੁਰ ਪਹੁੰਚੀ। ਮਲਕੀਤ ਦੀ ਹਾਲਤ ਦੇਖ ਕੇ ਉਹ ਮਲਕੀਤ ਨੂੰ ਆਪਣੇ ਨਾਲ ਡੈੱਨਮਾਰਕ ਲੈ ਗਈ। 15 ਤੋਂ 20 ਦਿਨ ਉਥੇ ਇਲਾਜ ਕਰਵਾਇਆ ਪਰ ਮਲਕੀਤ 'ਚ ਕੋਈ ਬਦਲਾਅ ਨਾ ਆਉਂਦਾ ਦੇਖ ਉਹ ਵਾਪਸ ਗੁਰਦਾਸਪੁਰ ਪਹੁੰਚੀ। 15 ਦਿਨ ਪਹਿਲਾਂ ਦੋਵਾਂ ਨੇ ਕੋਰਟ 'ਚ ਵਿਆਹ ਕਰਵਾਇਆ। ਮੌਜੂਦਾ ਸਮੇਂ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ 'ਚ ਦਾਖਲ ਮਲਕੀਤ ਨੇ ਕਿਹਾ ਕਿ ਉਹ ਨਸ਼ੇ ਦੀ ਲਤ ਤੋਂ ਛੁਟਕਾਰਾ ਪਾ ਚੁੱਕਾ ਹੈ ਤੇ ਬਾਕੀ ਜੀਵਨ ਪਤਨੀ ਨਤਾਸ਼ਾ ਨਾਲ ਗੁਜ਼ਾਰਨਾ ਚਾਹੁੰਦਾ ਹੈ।