image caption:

ਜੀਜਾ-ਸਾਲੀ ਘਰ ਵਿਚ ਛਾਪਦੇ ਸਨ ਨੋਟ, 10 ਦਸ ਲੱਖ ਦੀ ਕਰੰਸੀ ਬਰਾਮਦ

ਬਠਿੰਡਾ-  ਬਠਿੰਡਾ ਪੁਲਿਸ ਦੇ ਸਪੈਸ਼ਲ ਸਟਾਫ਼ ਨੇ ਜੀਜਾ-ਸਾਲੀ ਨੂੰ ਗ੍ਰਿਫ਼ਤਾਰ ਕਰਕੇ 10 ਲੱਖ 55 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਿਸ ਨੇ ਉਕਤ ਜੀਜਾ-ਸਾਲੀ 'ਤੇ ਥਾਣਾ ਕੋਤਵਾਲੀ ਵਿਖੇ ਪਰਚਾ ਦਰਜ ਕੀਤਾ। ਫੜੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਰਮਨਜੀਤ ਕੌਰ ਪੁੱਤਰ ਬਲਦੇਵ ਸਿੰਘ ਵਾਸੀ ਸ਼ਾਹਪੁਰ ਬੇਗੂ ਜ਼ਿਲ੍ਹਾ ਸਿਰਸਾ ਹਰਿਆਣਾ ਅਤੇ ਜਗਦੀਸ਼ ਕੁਮਾਰ ਪੁੱਤਰ ਹਰਨਾਮਦਿੱਤਾ ਵਾਸੀ ਨਹਿਰ ਕਲੋਨੀ ਸਿਰਸਾ ਦੇ ਤੌਰ 'ਤੇ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਵਿਅਕਤੀ ਹਰਿਆਣੇ ਤੋਂ ਨਕਲੀ ਕਰੰਸੀ ਤਿਆਰ ਕਰਕੇ ਪੰਜਾਬ ਵਿਚ ਚਲਾਉਣ ਆਉਂਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਸੁਚਨਾ ਦੇ ਆਧਾਰ 'ਤੇ ਰੇਲਵੇ ਸਟੇਸ਼ਨ ਦੇ ਕੋਲੋਂ ਇਕ ਲੜਕੀ ਜੋ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਨੂੰ 200-200 ਰੁਪਏ ਦੇ ਚਾਰ ਨੋਟ ਅਤੇ 100 ਰੁਪਏ ਦੇ ਦੋ ਨੋਟ ਕੁਲ ਇਕ ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਨਾਲ ਕਾਬੂ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਕਿ ਰਮਨਦੀਪ ਕੌਰ ਦਾ ਜੀਜਾ ਜਗਦੀਸ਼ ਕੁਮਾਰ ਵੱਡੀ ਪੱਧਰ 'ਤੇ ਜਾਅਲੀ ਕਰੰਸੀ ਤਿਆਰ ਕਰਕੇ ਬਜ਼ਾਰ ਵਿਚ ਚਲਾ ਚੁੱਕਾ ਹੈ। ਇਸ ਸਮੇਂ ਉਕਤ ਵਿਅਕਤੀ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਮੌਜੂਦ ਹੈ, ਜਿੱਥੇ ਉਸ ਨੇ ਆਪਣੇ ਘਰ ਵਿਚ ਜਾਅਲੀ ਨੋਟ ਤਿਆਰ ਕਰਨ ਵਾਲਾ ਸਕੈਨਰ ਲਗਾਇਆ ਹੈ। ਇਸ ਅਧਾਰ 'ਤੇ ਕਾਰਵਾਈ ਕਰਦਿਆਂ ਹੋਇਆਂ ਪੁਲਿਸ ਨੇ ਉਕਤ ਵਿਅਕਤੀ ਨੂੰ ਹਰਿਆਣਾ ਦੇ ਸਿਰਸਾ ਸ਼ਹਿਰ ਵਿਚੋਂ ਕਾਬੂ ਕਰਕੇ 10 ਲੱਖ 54 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿੱਤ ਦੋਸ਼ੀਆਂ 'ਤੇ ਥਾਣਾ ਕੋਤਵਾਲੀ ਵਿਖੇ ਪਰਚਾ ਦਰਜ ਕਰਕੇ ਕਥਿਤ ਦੋਸ਼ਣ ਰਮਨਜੀਤ ਕੌਰ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਜਦਕਿ ਕਥਿਤ ਦੋਸ਼ੀ ਜਗਦੀਸ਼ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਹਰਿਆਣਾ ਵਾਸੀ ਰਮਨਜੀਤ ਕੌਰ ਅਤੇ ਜਗਦੀਸ਼ ਕੁਮਾਰ ਨੇ ਜਲਦੀ ਅਮੀਰ ਬਣਨ ਦੀ ਲਾਲਸਾ ਕਾਰਨ ਜਾਅਲੀ ਕਰੰਸੀ ਤਿਆਰ ਕਰਨ ਦਾ ਧੰਦਾ ਸ਼ੁਰੂ ਕਰ ਲਿਆ। ਉਨ੍ਹਾਂ ਨੇ ਸਿਰਸਾ ਵਿਖੇ ਆਪਣੇ ਘਰ ਵਿਚ ਸਕੈਨਰ ਲਗਾ ਕੇ ਨੋਟ ਬਣਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਕਥਿਤ ਦੋਸ਼ੀ ਦੋ ਲੱਖ ਰੁਪਏ ਦੀ ਜਾਅਲੀ ਕਰੰਸੀ ਬਾਜ਼ਾਰ ਵਿਚ ਚਲਾ ਚੁੱਕੇ ਹਨ। ਪੁਲਿਸ ਅਧਿਕਾਰੀ ਅਨੁਸਾਰ ਕਥਿਤ ਦੋਸ਼ੀ ਰਾਤ ਸਮੇਂ ਨਕਲੀ ਨੋਟ ਚਲਾਉਂਦੇ ਸਨ। ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਦੋ ਹਜ਼ਾਰ ਰੁਪਏ ਦੇ 415 ਨੋਟ, 500 ਰੁਪਏ ਦੇ 300 ਨੋਟ, 200 ਰੁਪਏ ਦੇ 104 ਨੋਟ,100 ਰੁਪਏ ਦੇ 56 ਨੋਟ ਕੁਲ 10 ਲੱਖ 55 ਹਜ਼ਾਰ ਰੁਪਏ ਬਰਾਮਦ ਕੀਤੇ ਹਨ।