image caption: ਤਸਵੀਰਾਂ: ਕਿਤਾਬ ਰਿਲੀਜ਼ ਕਰਨ ਸਮੇਂ ਪੰਜਾਬ ਟਾਈਮਜ਼ ਦੇ ਦਫ਼ਤਰ ਵਿਖੇ ਸੱਜੇ ਤੋਂ ਸ: ਸੰਤੋਖ ਸਿੰਘ ਪੁਰੇਵਾਲ, ਰਾਜਿੰਦਰ ਸਿੰਘ ਪੁਰੇਵਾਲ, ਸਰਬਜੀਤ ਸਿੰਘ ਘੁਮਾਣ, ਜਰਨੈਲ ਸਿੰਘ ਬੁੱਟਰ ਅਤੇ ਹਰਜਿੰਦਰ ਸਿੰਘ ਮੰਡੇਰ

ਘੁਮਾਣ ਪਿੰਡ ਦੇ ਬਜ਼ੁਰਗ ਵਰਿਆਮ ਸਿੰਘ ਮਸਤ ਦੀ ਕਾਵਿ ਪੁਸਤਕ ਪੰਜਾਬ ਟਾਈਮਜ਼ ਵਿਖੇ ਰਿਲੀਜ਼ ਅਤੇ ਸਰਬਜੀਤ ਸਿੰਘ ਘੁਮਾਣ ਦਾ ਸਨਮਾਨ

ਡਰਬੀ (ਪੰਜਾਬ ਟਾਈਮਜ਼) - ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਮਾਣ ਵਾਸੀ ਸਵਰਗੀ ਗਿਆਨੀ ਵਰਿਆਮ ਸਿੰਘ ਮਸਤ ਨੇ ਆਪਣੇ ਜੀਵਨ ਕਾਲ ਵਿੱਚ ਕਾਫ਼ੀ ਸਾਰੀਆਂ ਕਾਵਿ ਰਚਨਾਵਾਂ ਲਿਖੀਆਂ ਸਨ, ਜੋ ਉਹਨਾਂ ਦੇ ਪਰਿਵਾਰ ਦੇ ਜੀਆਂ ਕੋਲ ਪਈਆਂ ਸਨ, ਉਹਨਾਂ ਦੀ ਇਕ &lsquoਗਿਆਨੀ ਵਰਿਆਮ ਸਿੰਘ ਮਸਤ ਦਾ ਕਾਵਿ ਸੰਸਾਰ&rsquo ਨਾਮੇ ਕਾਵਿ ਪੁਸਤਕ ਬੀਤੇ ਸੋਮਵਾਰ ਨੂੰ ਪੰਜਾਬ ਟਾਈਮਜ਼ ਦੇ ਦਫ਼ਤਰ ਡਰਬੀ ਵਿਖੇ ਰਿਲੀਜ਼ ਕੀਤੀ ਗਈ । ਪੁਸਤਕ ਰਿਲੀਜ਼ ਕਰਨ ਮੌਕੇ ਗਿਆਨੀ ਵਰਿਆਮ ਸਿੰਘ ਦੇ ਭਤੀਜੇ ਰਣਜੀਤ ਸਿੰਘ ਘੁਮਾਣ ਦੇ ਸਪੁੱਤਰ ਸ: ਸਰਬਜੀਤ ਸਿੰਘ ਘੁਮਾਣ ਰਿਟਾਇਰਡ ਕਮਾਂਡੈਂਟ ਅਫ਼ਸਰ ਸੀ ਆਰ ਪੀ ਐਫ਼, ਸ: ਜਰਨੈਲ ਸਿੰਘ ਬੁੱਟਰ, ਸ: ਸੰਤੋਖ ਸਿੰਘ ਪੁਰੇਵਾਲ ਅਤੇ ਸ: ਰਾਜਿੰਦਰ ਸਿੰਘ ਪੁਰੇਵਾਲ ਹਾਜ਼ਰ ਸਨ । ਇਸ ਮੌਕੇ ਸ: ਘੁਮਾਣ ਹੁਣਾਂ ਨੂੰ ਪੰਜਾਬ ਟਾਈਮਜ਼ ਵੱਲੋਂ ਗੋਲਡ ਮੈਡਲ ਦੇ ਕੇ ਮਾਣ ਸਨਮਾਨ ਵੀ ਕੀਤਾ ਗਿਆ ।
   ਇਸ ਪੁਸਤਕ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਸਰਬਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਇਹ ਹੱਥ ਲਿਖਤ ਰਚਨਾਵਾਂ ਉਹਨਾਂ ਦੇ ਪਰਿਵਾਰ ਵਿੱਚ ਸੁਰੱਖਿਅਤ ਪਈਆਂ ਸਨ, ਪਰ ਕਿਧਰੇ ਛਪ ਨਹੀਂ ਸਕੀਆਂ ਸਨ । ਜਦੋਂ ਸਾਨੂੰ ਇਹ ਰਚਨਾਵਾਂ ਮਿਲੀਆਂ ਤਾਂ ਅਸੀਂ ਸਲਾਹ ਕੀਤੀ ਕਿ ਇਹਨਾਂ ਨੂੰ ਕਿਤਾਬੀ ਰੂਪ ਦਿੱਤਾ ਜਾਵੇ । ਤਦ ਆਪਣੇ ਹੀ ਪਿੰਡ ਦੇ ਪ੍ਰਸਿੱਧ ਨੌਜਵਾਨ ਲੇਖਕ ਸ: ਸਰਬਜੀਤ ਸਿੰਘ ਘੁਮਾਣ ਹੁਣਾਂ ਦੇ ਨਾਲ ਇਹਨਾਂ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਇਸ ਬਾਰੇ ਦਿਲਚਸਪ ਦਿਖਾਉਂਦੇ ਹੋਏ ਇਹ ਕਾਰਜ ਆਪਣੇ ਹੱਥ ਲੈਣ ਦਾ ਜਿੰਮਾ ਲਿਆ । ਤਦ ਉਹਨਾਂ ਦੀ ਮਿਹਨਤ ਨਾਲ ਇਹ ਕੰਮ ਨੇਪਰੇ ਚੜ੍ਹ ਸਕਿਆ । ਪ੍ਰਿੰਟਵੈØੱਲ ਛਾਪਕ ਕੰਪਨੀ ਵੱਲੋਂ ਛਾਪੀ ਗਈ ਇਸ ਪੁਸਤਕ ਦੇ ਜਿਲਦ ਸਣੇ ਕੁਲ 60 ਪੰਨੇ ਹਨ। ਕਾਵਿ ਰਚਨਾਵਾਂ ਦੇ ਇਲਾਵਾ ਪੁਸਤਕ ਵਿੱਚ ਪਰਿਵਾਰ ਦੀਆਂ ਕੁਝ ਯਾਦਗਾਰੀ ਤਸਵੀਰਾਂ ਵੀ ਛਾਪੀਆਂ ਗਈਆਂ ਹਨ ।
   ਕਮਾਂਡੈਂਟ ਅਫ਼ਸਰ ਸਰਬਜੀਤ ਸਿੰਘ ਘੁਮਾਣ ਹੁਣਾਂ ਦੱਸਿਆ ਕਿ ਗਿਆਨੀ ਵਰਿਆਮ ਸਿੰਘ ਉਹਨਾਂ ਦੇ ਬਾਬਾ (ਦਾਦਾ) ਜੀ ਦੇ ਭਰਾ ਸਨ । ਉਹਨਾਂ ਪਿੰਡ ਸਹੌਲੀ ਤੋਂ ਪੜ੍ਹਨ ਪਿੱਛੋਂ ਕੁਝ ਸਾਲ ਫ਼ੌਜ ਦੀ ਨੌਕਰੀ ਕੀਤੀ, ਫਿਰ 1922 ਤੋਂ 1927 ਤੱਕ ਅਕਾਲੀ ਦਲ ਦੇ ਸਰਗਰਮ ਵਰਕਰ ਰਹੇ, ਫਿਰ 14 ਕੁ ਸਾਲ ਉਹਨਾਂ ਨੇ ਅਧਿਆਪਕ ਵਜੋਂ ਵੀ ਨੌਕਰੀ ਕੀਤੀ ਤੇ ਲੁਧਿਆਣਾ ਵਿੱਚ ਸੋਸ਼ਲ ਸਰਵਿਸ ਕੀਤੀ । ਆਖਰ ਦਸੰਬਰ 1968 ਵਿੱਚ ਸ: ਵਰਿਆਮ ਸਿੰਘ ਦਾ ਦੇਹਾਂਤ ਹੋ ਗਿਆ । ਉਹਨਾਂ ਦੀ ਕਵਿਤਾ ਦੀ ਇਕ ਵੰਨਗੀ ਰੁਬਾਈ ਪੇਸ਼ ਹੈ:
ਦੁਨੀਆ ਦੀ ਹਰ ਸ਼ੈਅ ਨੇ ਪੁਰਾਣਾ ਪੈਣਾ ਏ
ਜੋ ਆਇਆ ਏਸ ਸਰਾਂ, ਸੋ ਜਾਣਾ ਪੈਣਾ ਏ
ਜ਼ਿੰਦਗੀ ਵਿਚ ਮਸਤ ਨੇ ਬੜੇ ਧੋਖੇ ਖਾਂਦੇ ਨੇ
ਇਕ ਧੋਖਾ ਬਾਕੀ ਏ ਉਹ ਵੀ ਖਾਣਾ ਪੈਣਾ ਏ