image caption:

ਡਿਗਣ ਦੇ ਬਾਵਜੂਦ ਨਹੀਂ ਟੁੱਟਿਆ 'ਵਿਕਰਮ'-ਇਸਰੋ

ਬੈਂਗਲੁਰੂ, -ਚੰਦਰਯਾਨ-2 ਮਿਸ਼ਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ, ਇਸ ਮਿਸ਼ਨ ਨਾਲ ਜੁੜੇ ਇਸਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਭਾਵੇਂ ਕਿ ਲੈਂਡਰ ਵਿਕਰਮ ਜ਼ੋਰ ਨਾਲ ਚੰਦਰਮਾ ਦੀ ਸਤ੍ਹਾ 'ਤੇ ਡਿੱਗਿਆ ਸੀ ਪਰ ਉਸ ਵਿਚ ਕੋਈ ਟੁੱਟ-ਭੱਜ ਨਹੀਂ ਹੋਈ ਅਤੇ ਉਹ ਥੋੜ੍ਹਾ ਟੇਢਾ ਪਿਆ ਹੈ। ਇਸ ਦੇ ਨਾਲ ਹੀ ਲੈਂਡਰ ਵਿਕਰਮ ਪਹਿਲਾਂ ਤੋਂ ਤੈਅ ਕੀਤੀ ਜਗ੍ਹਾ ਦੇ ਬਿਲਕੁਲ ਨੇੜੇ ਹੀ ਪਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਦੱਸਿਆ ਕਿ ਵਿਕਰਮ ਦੀ 'ਹਾਰਡ ਲੈਂਡਿੰਗ' (ਜ਼ੋਰ ਨਾਲ ਡਿਗਣਾ) ਹੋਈ ਸੀ ਅਤੇ ਆਰਬਿਟਰ ਦੇ ਕੈਮਰੇ ਨੇ ਜੋ ਤਸਵੀਰ ਭੇਜੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਉਹ ਤੈਅ ਕੀਤੇ ਸਥਾਨ ਦੇ ਬਿਲਕੁਲ ਨੇੜੇ ਪਿਆ ਹੈ। ਵਿਕਰਮ ਟੁੱਟਿਆ ਨਹੀਂ ਹੈ ਅਤੇ ਉਸ ਦਾ ਪੂਰਾ ਹਿੱਸਾ ਸੁਰੱਖਿਅਤ ਹੈ। ਅਧਿਕਾਰੀ ਨੇ ਦੱਸਿਆ ਕਿ ਅਸੀਂ ਲੈਂਡਰ ਵਿਕਰਮ ਨਾਲ ਸੰਪਰਕ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਇਸਰੋ ਦੀ ਇਕ ਵਿਸ਼ੇਸ਼ ਟੀਮ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਤੱਕ (ਲੈਂਡਰ ਵਿਚ) ਸਭ ਕੁਝ ਠੀਕ ਨਹੀਂ ਹੋਵੇਗਾ, ਇਹ (ਦੁਬਾਰਾ ਸੰਪਰਕ ਕਰਨਾ) ਬਹੁਤ ਮੁਸ਼ਕਿਲ ਹੈ। ਉਮੀਦਾਂ ਬਹੁਤ ਘੱਟ ਹਨ। ਜੇਕਰ ਸਾਫ਼ਟ ਲੈਂਡਿੰਗ ਹੋਈ ਹੋਵੇ ਅਤੇ ਸਾਰਾ ਸਿਸਟਮ ਕੰਮ ਕਰ ਰਿਹਾ ਹੈ, ਤਾਂ ਹੀ ਸੰਪਰਕ ਕੀਤਾ ਜਾ ਸਕਦਾ ਹੈ। ਫਿਲਹਾਲ ਉਮੀਦ ਕਾਫੀ ਘੱਟ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲੈਂਡਰ ਦੇ ਸਰਗਰਮ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਦੀਆਂ ਕੁਝ ਸੀਮਾਵਾਂ ਹਨ। ਸਾਨੂੰ ਭੂਸਥਿਰ ਗ੍ਰਹਿ ਪੰਧ ਵਿਚ ਪੁਲਾੜ ਵਾਹਨ (ਜਿਸ ਦਾ ਸੰਪਰਕ ਟੁੱਟ ਗਿਆ) ਦੀ ਬਹਾਲੀ ਦਾ ਤਜਰਬਾ ਹੈ ਪਰ ਇਸ ਮਾਮਲੇ ਵਿਚ ਗੁੰਜਾਇਸ਼ ਕਾਫੀ ਜ਼ਿਆਦਾ ਨਹੀਂ ਹੈ। ਉਹ ਪਹਿਲਾਂ ਹੀ ਚੰਦਰਮਾ ਦੀ ਸਤ੍ਹਾ 'ਤੇ ਪਿਆ ਹੈ ਅਤੇ ਅਸੀਂ ਉਸ ਨੂੰ ਠੀਕ ਨਹੀਂ ਕਰ ਸਕਦੇ। ਅਧਿਕਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਿਸ਼ਨ ਕਾਫੀ ਮੁਸ਼ਕਿਲ ਹੁੰਦੇ ਹਨ, ਨਾਲ ਹੀ ਸੰਭਾਵਨਾਵਾਂ ਵੀ ਹਨ ਅਤੇ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ।