image caption:

ਭਾਰਤੀ ਮੂਲ ਦੀ ਚੈਨਿਕਾ ਸੇਠੀ ਨੂੰ 2 ਸਾਲ 8 ਮਹੀਨੇ ਕੈਦ

ਸਿਡਨੀ-ਚੈਨਿਕਾ ਸੇਠੀ ਨੂੰ ਆਪਣੇ ਕੰਮ ਤੋਂ 1,63,000 ਡਾਲਰ ਚੋਰੀ ਕਰਨ ਦੇ ਦੋਸ਼ ਤਹਿਤ 2 ਸਾਲ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ | ਕਿੱਤੇ ਵਜੋਂ ਚੈਨਿਕਾ ਸੇਠੀ ਫੈਸ਼ਨ ਡਿਜ਼ਾਈਨਰ ਹੈ | 35 ਸਾਲਾ ਸੇਠੀ 2005 ਵਿਚ ਆਸਟ੍ਰੇਲੀਆ ਆਈ ਸੀ | ਉਹ ਇਕ ਕਲੀਨਿਕ 'ਤੇ ਕੰਮ ਕਰਦੀ ਸੀ, ਜਦ ਉਸ ਨੇ ਆਪਣੇ ਮਾਲਕ ਦੇ ਪੈਸੇ ਚੋਰੀ ਕਰਨੇ ਸ਼ੁਰੂ ਕੀਤੇ | ਜਦ ਮਾਲਕ ਨੂੰ ਪਤਾ ਲੱਗਿਆ ਤਾਂ ਉਸ ਨੇ ਇਹ ਕੇਸ ਪਰਥ ਅਦਾਲਤ ਵਿਚ ਆਇਦ ਕੀਤਾ | ਇਥੇ ਗੌਰਤਲਬ ਹੈ ਕਿ ਇਸ ਕਲੀਨਿਕ 'ਤੇ ਮੈਨੇਜਰ ਦੀ ਪੋਸਟ 'ਤੇ ਸੇਠੀ ਨੇ 10 ਸਾਲ ਕੰਮ ਕੀਤਾ | ਸੇਠੀ ਨੂੰ 'ਸਟੀਿਲੰਗ ਐਜ ਏ ਸਰਵੈਂਟ' ਕਾਨੂੰਨ ਦੇ ਅਧੀਨ ਦੋਸ਼ੀ ਪਾਇਆ ਗਿਆ | ਅਗਸਤ 'ਚ ਚੈਨਿਕਾ ਸੇਠੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਤਹਿਤ ਹੁਣ ਉਸ ਨੂੰ ਸਜ਼ਾ ਸੁਣਾਈ ਹੈ | 2 ਬੱਚਿਆਂ ਦੀ ਮਾਂ ਸੇਠੀ ਨੇ ਕਿਹਾ ਕਿ ਉਸ ਦੇ ਪਤੀ ਦਾ ਕਾਰੋਬਾਰ ਠੱਪ ਹੋਣ ਕਰਕੇ ਉਹ ਆਰਥਿਕ ਮੰਦੀ ਦੇ ਦੌਰ 'ਚੋਂ ਗੁਜ਼ਰ ਰਹੇ ਹਨ | ਸੇਠੀ ਨੇ ਕਿਹਾ ਸੀ ਕਿ ਉਹ ਆਪਣਾ ਤੇ ਆਪਣੇ ਸਾਰੇ ਘਰ ਦੇ ਮੈਂਬਰਾਂ ਦਾ ਪਾਸਪੋਰਟ ਜਮ੍ਹਾਂ ਕਰਵਾ ਦਿੰਦੀ ਹੈ ਅਤੇ ਸਾਰੇ ਪੈਸੇ ਹੌਲੀ-ਹੌਲੀ ਵਾਪਸ ਕਰ ਦੇਵੇਗੀ | ਸੇਠੀ ਨੇ ਕਿਹਾ ਕਿ ਉਸ ਦਾ ਪਿਤਾ ਭਾਰਤ ਤੋਂ ਪੈਸੇ ਭੇਜ ਰਿਹਾ ਹੈ ਪਰ ਕੁਝ ਵੀ ਨਾ ਹੋਣ ਕਰਕੇ ਉਹ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ 3 ਸਾਲ ਦੇ ਕਰੀਬ ਸਮਾਂ ਕੱਢੇਗੀ |