image caption:

ਬਰਤਾਨੀਆ ਦੀ ਸੰਸਦ 14 ਅਕਤੂਬਰ ਤੱਕ ਮੁਅੱਤਲ

ਲੰਡਨ-ਬਰਤਾਨੀਆਂ ਦੀ ਸੰਸਦ ਅੱਜ ਦੇਰ ਸ਼ਾਮੀ 14 ਅਕਤੂਬਰ ਤੱਕ ਮੁਅੱਤਲ ਕੀਤੀ ਜਾ ਰਹੀ ਹੈ ਪਰ ਸੰਸਦ ਬੰਦ ਹੋਣ ਤੋਂ 15 ਅਕਤੂਬਰ ਨੂੰ ਜਲਦੀ ਆਮ ਚੋਣਾਂ ਕਰਵਾਉਣ ਲਈ ਸਰਕਾਰ ਵਲੋਂ ਮੁੜ ਇਕ ਮਤਾ ਲਿਆਂਦੇ ਜਾਣ ਦੀ ਆਸ ਹੈ ਅਤੇ ਜਿਸ ਨੂੰ ਵਿਰੋਧੀ ਧਿਰਾਂ ਪਹਿਲਾਂ ਹੀ ਠੁਕਰਾ ਚੁੱਕੀਆਂ ਹਨ | ਵਿਰੋਧੀ ਧਿਰਾਂ ਦੀ ਮੰਗ ਹੈ ਕਿ ਜਦ ਤੱਕ 'ਨੋ ਡੀਲ' ਪ੍ਰਸਤਾਵ ਨੂੰ ਮੁਕੰਮਲ ਤੌਰ 'ਤੇ ਖ਼ਤਮ ਕਰਨ ਲਈ ਕਾਨੂੰਨ ਨਹੀਂ ਬਣਾਇਆ ਜਾਂਦਾ ਤਦ ਤੱਕ ਉਹ ਆਮ ਚੋਣਾਂ ਲਈ ਹਮਾਇਤ ਨਹੀਂ ਕਰਨਗੀਆਂ | ਸੰਸਦ ਬੰਦ ਕਰਨ ਤੋਂ ਪਹਿਲਾਂ ਦੋ ਮੁੱਦਿਆਂ 'ਤੇ ਬਹਿਸ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚ ਲੇਬਰ ਪਾਰਟੀ ਵਲੋਂ ਜੈਰਮੀ ਕੌਰਬਿਨ ਨੇ ਰੂਲ ਆਫ਼ ਲਾਅ ਲਈ ਬਹਿਸ ਅਤੇ ਦੂਜੀ ਅਰਜ਼ੀ ਡੌਮਨਿਕ ਗਰੀਵ ਜਿਸ ਨੂੰ ਬੀਤੇ ਹਫਤੇ ਪਾਰਟੀ 'ਚੋਂ ਕੱਢ ਦਿੱਤਾ ਸੀ ਵਲੋਂ ਦਿੱਤੀ ਗਈ ਹੈ, ਜਿਸ ਦੇ ਵਿਸ਼ੇ ਬਾਰੇ ਅਜੇ ਸ਼ਪਸ਼ਟ ਨਹੀਂ ਹੋ ਸਕਿਆ ਪਰ ਪ੍ਰਧਾਨ ਮੰਤਰੀ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਸੰਸਦ 14 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਜਾਵੇਗੀ | ਜਿਸ ਤੋਂ ਸ਼ਪਸ਼ਟ ਹੁੰਦਾ ਹੈ ਕਿ ਸੰਸਦ ਮੈਂਬਰਾਂ ਕੋਲ ਆਮ ਚੋਣਾਂ ਲਈ ਕੋਈ ਹੋਰ ਪ੍ਰਸਤਾਵ ਲਿਆਉਣ ਦਾ ਮੌਕਾ ਨਹੀਂ ਹੋਵੇਗਾ ਅਤੇ ਨਵੰਬਰ ਦੇ ਅਖੀਰ ਤੋਂ ਪਹਿਲਾਂ ਆਮ ਚੋਣਾਂ ਦੀਆਂ ਸੰਭਾਵਾਨਾਂ ਨਹੀਂ ਹਨ | 14 ਅਕਤੂਬਰ ਨੂੰ ਮਹਾਰਾਣੀ ਦੇ ਭਾਸ਼ਣ ਨਾਲ ਸੰਸਦ ਮੁੜ ਖੁੱਲੇਗੀ, 17 ਅਤਕੂਬਰ ਨੂੰ ਯੂਰਪੀਅਨ ਸੰਘ ਦੇ ਨੇਤਾਵਾਂ ਦਾ ਸੰਮੇਲਨ ਹੋਵੇਗਾ | 19 ਅਕਤੂਬਰ ਨੂੰ ਨੋ ਡੀਲ ਲਈ ਆਖਰੀ ਦਿਨ ਹੋਵੇਗਾ ਅਤੇ 31 ਅਕਤੂਬਰ ਬ੍ਰੈਗਜ਼ਿਟ ਦੀ ਨਿਸਚਿਤ ਤਾਰੀਖ ਹੈ | ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਅੱਜ ਡਬਲਿਨ ਵਿੱਚ ਆਇਰਸ਼ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਲੀਓ ਵਾਰਾਡਕਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੋ ਡੀਲ ਦੋਵੇਂ ਧਿਰਾਂ ਲਈ ਫੇਲ ਹੋਇਆ ਸਾਬਤ ਕਰੇਗੀ, ਜਿਸ ਦੇ ਜ਼ਿੰਮੇਵਾਰ ਸਿਆਸੀ ਲੋਕ ਹੋਣਗੇ | ਜਿਸ ਦਾ ਲੋਕਤੰਤਰ ਨੂੰ ਸਦਾ ਲਈ ਨੁਕਸਾਨ ਹੋਵੇਗਾ |