image caption:

ਇਰਾਕ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨਾਲ ਹਾਲਾਤ ਬੇਕਾਬੂ

ਬਗਦਾਦ -  ਭਿ੍ਸ਼ਟਾਚਾਰ, ਬੇਕਾਰੀ ਤੇ ਬਦਤਰ ਸੇਵਾਵਾਂ ਨੂੰ ਲੈ ਕੇ ਇਰਾਕ 'ਚ ਸਰਕਾਰ ਵਿਰੋਧੀ ਹਿੰਸਕ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪ੍ਰਧਾਨ ਮੰਤਰੀ ਆਦੇਲ ਅਬਦੇਲ ਮੇਹਦੀ ਵੱਲੋਂ ਸ਼ਾਂਤੀ ਦੀ ਅਪੀਲ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਜਧਾਨੀ ਬਗਦਾਦ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਸੜਕਾਂ 'ਤੇ ਖ਼ੂਨ ਵਹਿਆ। ਇਰਾਕੀ ਸੁਰੱਖਿਆ ਬਲਾਂ ਤੇ ਮੁਜ਼ਾਹਰਾਕਾਰੀਆਂ ਦਰਮਿਆਨ ਖ਼ੂਨੀ ਭੇੜ 'ਚ ਚੌਥੇ ਦਿਨ ਵੀ ਇਕ ਦਰਜਨ ਤੋਂ ਵੱਧ ਲੋਕਾਂ ਦੀ ਜਾਨ ਗਈ। ਮੰਗਲਵਾਰ ਤੋਂ ਜਾਰੀ ਪ੍ਰਦਰਸ਼ਨਾਂ 'ਚ ਹੁਣ ਤਕ 46 ਲੋਕ ਮਾਰੇ ਜਾ ਚੁੱਕੇ ਹਨ, ਜਿਸ 'ਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਸੈਕੜੇ ਲੋਕ ਜ਼ਖ਼ਮੀ ਵੀ ਹੋਏ ਹਨ। ਸਭ ਤੋਂ ਜ਼ਿਆਦਾ ਮੁਜ਼ਾਹਰੇ ਦੇਸ਼ ਦੇ ਦੱਖਣੀ ਹਿੱਸੇ ਦੇ ਸ਼ੀਆ ਬਹੁਗਿਣਤੀ ਇਲਾਕਿਆਂ 'ਚ ਹੋ ਰਹੇ ਹਨ। ਮੁਜ਼ਾਹਰੇ ਨੂੰ ਦਬਾਉਣ ਲਈ ਸਰਕਾਰ ਨੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਵੀਰਵਾਰ ਨੂੰ ਕਈ ਇਲਾਕਿਆਂ 'ਚ ਕਰਫਿਊ ਲਗਾ ਦਿੱਤਾ ਗਿਆ ਸੀ। ਇਸਦੇ ਬਾਵਜੂਦ ਰਾਜਧਾਨੀ ਬਗਦਾਦ ਸਮੇਤ ਕਈ ਇਲਾਕਿਆਂ 'ਚ ਥੋੜ੍ਹਾ ਬਹੁਤ ਵਿਰੋਧ ਪ੍ਰਦਰਸ਼ਨ ਜਾਰੀ ਰਿਹਾ। ਪੁਲਿਸ ਮੁਤਾਬਕ ਬਗਦਾਦ 'ਚ 16 ਅਤੇ ਨਸੀਰੀਆ ਸ਼ਹਿਰ 'ਚ ਹੁਣ ਤਕ 18 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸ਼ੀਆ ਪਾਰਟੀਆਂ ਦੀ ਹਮਾਇਤ 'ਚ ਤੇਲ ਸੰਪੰਨ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਮੇਹਦੀ ਲਈ ਇਹ ਪ੍ਰਦਰਸ਼ਨ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਹੈ। ਕਈ ਪ੍ਰਦਰਸ਼ਨਕਾਰੀ ਉਨ੍ਹਾਂ ਦੇ ਅਸਤੀਫ਼ੇ ਦੀ ਵੀ ਮੰਗ ਕਰ ਰਹੇ ਹਨ।