image caption:

ਹਨੀ ਸਿੰਘ ਨੂੰ ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ, ਦੁਬਈ ਅਤੇ ਹਾਂਗਕਾਂਗ ਵਿਚ ਕਰ ਸਕੇਗਾ ਸ਼ੋਅ

ਨਾਗਪੁਰ-  ਰੈਪ ਗਾਇਕ ਹਨੀ ਸਿੰਘ ਨੂੰ ਉਸ ਵੇਲੇ ਵੱਡੀ ਰਾਹਤ ਮਿਲ ਗਈ ਜਦੋਂ ਇਕ ਸਥਾਨਕ ਅਦਾਲਤ ਨੇ ਉਸ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿਤੀ। ਆਪਣੇ ਗੀਤਾਂ ਵਿਚ ਇਤਰਾਜ਼ਯੋਗ ਸ਼ਬਦ ਵਰਤਣ ਦੇ ਮਾਮਲੇ ਵਿਚ ਘਿਰੇ ਹਨੀ ਸਿੰਘ ਨੂੰ ਅਦਾਲਤ ਨੇ ਦੁਬਈ, ਚੀਨ, ਥਾਈਲੈਂਡ ਅਤੇ ਹਾਂਗਕਾਂਗ ਵਿਖੇ ਸ਼ੋਅ ਕਰਨ ਲਈ ਹਰੀ ਝੰਡੀ ਦੇ ਦਿਤੀ। ਵਧੀਕ ਸੈਸ਼ਨਜ਼ ਜੱਜ ਸੁਭਾਸ਼ ਕਰਹਾਲੇ ਨੇ ਹਨੀ ਸਿੰਘ ਦੀ ਅਰਜ਼ੀ ਪ੍ਰਵਾਨ ਕਰ ਲਈ ਜਦਕਿ ਸਰਕਾਰੀ ਵਕੀਲ ਨੇ ਇਸ ਦਾ ਤਿੱਖਾ ਵਿਰੋਧ ਕੀਤਾ। ਹਨੀ ਸਿੰਘ ਜਿਸ ਦਾ ਅਸਲ ਨਾਂ ਹਰਦੇਸ਼ ਸਿੰਘ ਹੈ, ਨੂੰ ਦਿਤੀ ਗਈ ਅਗਾਊਂ ਜ਼ਮਾਨਤ ਦੀਆਂ ਸ਼ਰਤਾਂ ਵਿਚ ਇਸ ਗੱਲ ਦਾ ਖ਼ਾਸ ਤੌਰ 'ਤੇ ਜ਼ਿਕਰ ਸੀ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਸ ਨੂੰ ਅਦਾਲਤ ਤੋਂ ਇਜਾਜ਼ਤ ਲੈਣੀ ਹੋਵੇਗੀ। ਦੱਸ ਦੇਈਏ ਕਿ ਹਨੀ ਸਿੰਘ ਵਿਰੁੱਧ ਨਾਗਪੁਰ ਦੇ ਪਚਪਾਓਲੀ ਪੁਲਿਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਸਰਕਾਰੀ ਵਕੀਲ ਦਾ ਦੋਸ਼ ਹੈ ਕਿ ਹਨੀ ਸਿੰਘ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਅਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਆਪਣੀ ਆਵਾਜ਼ ਦਾ ਨਮੂਨਾ ਨਹੀਂ ਦਿਤਾ।